ਵਿਕਾਸ ਕਾਰਜਾਂ ਬਾਰੇ ਮੀਟਿੰਗ ਲਈ ਆਏ ਭਾਜਪਾ ਕੌਂਸਲਰ ਮੇਅਰ ਨਾਲ ਬਹਿਸੇ
ਨਗਰ ਨਿਗਮ ਜ਼ੋਨ-ਡੀ ਵਿੱਚ ਸ਼ੁੱਕਰਵਾਰ ਨੂੰ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਮਿਲਣ ਆਏ ਭਾਰਤੀ ਜਨਤਾ ਪਾਰਟੀ ਦੇ 18 ਕੌਂਸਲਰਾਂ ਵਿੱਚੋਂ ਇੱਕ ਕੌਂਸਲਰ ਨੂੰ ਸੁਰੱਖਿਆ ਮੁਲਾਜ਼ਮ ਵੱਲੋਂ ਦਫ਼ਤਰ ਤੋਂ ਬਾਹਰ ਕੱਢੇ ਜਾਣ ’ਤੇ ਕੌਂਸਲਰਾਂ ਨੇ ਰੋਸ ਜ਼ਾਹਰ ਕੀਤਾ। ਭਾਜਪਾ ਕੌਂਸਲਰਾਂ ਤੇ ਮੇਅਰ ਵਿਚਾਲੇ ਤਿੱਖੀ ਬਹਿਸ ਹੋਈ ਤੇ ਭਾਜਪਾ ਕੌਂਸਲਰਾਂ ਨੇ ਮੇਅਰ ਨੂੰ ਡੰਮੀ ਮੇਅਰ ਗਰਦਾਨਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਅਨਿਲ ਸਰੀਨ, ਪੰਜਾਬ ਭਾਜਪਾ ਕੈਸ਼ੀਅਰ ਗੁਰਦੇਵ ਸ਼ਰਮਾ ਦੇਵੀ, ਪ੍ਰਵੀਨ ਬਾਂਸਲ ਸਣੇ ਕਈ ਆਗੂ ਉੱਥੇ ਪਹੁੰਚ ਗਏ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਮੇਅਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਮੇਅਰ ਨੇ ਉਨ੍ਹਾਂ ਨੂੰ ਅੰਦਰ ਬੁਲਾ ਕੇ ਗੱਲਬਾਤ ਕੀਤੀ ਤੇ ਭਰੋਸਾ ਦਿੱਤਾ ਕਿ ਵਾਰਡ ਵਿੱਚ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਕੌਂਸਲਰ ਸੁਨੀਲ ਮੌਦਗਿਲ, ਪੂਨਮ ਰਤੜਾ, ਗੌਰਵਜੀਤ ਸਿੰਘ ਗੋਰਾ ਸਣੇ 18 ਕੌਂਸਲਰ ਅੱਜ ਵਿਕਾਸ ਕਾਰਜਾਂ ਦਾ ਮੁੱਦਾ ਲੈ ਕੇ ਮੇਅਰ ਨਾਲ ਮੀਟਿੰਗ ਲਈ ਪਹੁੰਚੇ ਸਨ। ਇਸ ਦੌਰਾਨ ਪਹਿਲਾਂ ਮੇਅਰ ਦਫ਼ਤਰ ਵਿੱਚ ਮੌਜੂਦ ਸਟਾਫ਼ ਨੇ ਇੱਕ ਕੌਂਸਲਰ ਨੂੰ ਉੱਚੀ ਬੋਲਣ ’ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਹਿ ਦਿੱਤਾ। ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਉਕਤ ਕੌਂਸਲਰ ਦੀ ਬਾਂਹ ਫੜ ਕੇ ਬਾਹਰ ਕੱਢਿਆ ਗਿਆ। ਇਸ ਮਗਰੋਂ ਕੌਂਸਲਰਾਂ ਨੇ ਮੇਅਰ ਦਫ਼ਤਰ ਦੇ ਬਾਹਰ ਧਰਨਾ ਲਾ ਲਿਆ। ਕੌਂਸਲਰਾਂ ਨੇ ਰੋਸ ਜਤਾਇਆ ਕਿ ਉਨ੍ਹਾਂ ਦੇ ਵਾਰਡਾਂ ਵਿੱਚ ਕੋਈ ਵਿਕਾਸ ਕਾਰਜ ਨਹੀਂ ਕਰਵਾਇਆ ਜਾ ਰਿਹਾ। ਵਾਰਡਾਂ ਵਿੱਚ ਗਲੀਆਂ ਦਾ ਬੁਰਾ ਹਾਲ ਹੈ ਤੇ ਸੀਵਰੇਜ ਦੀ ਸਮੱਸਿਆ ਵੀ ਬਹੁਤ ਵਧੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਕਾਸ ਕਾਰਜਾਂ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਉਹ ਕਿਸ ਪਾਰਟੀ ਨਾਲ ਸਬੰਧਤ ਹਨ। ਇੱਕ ਕੌਂਸਲਰ ਨੇ ਦੋਸ਼ ਲਾਇਆ ਕਿ ਭਾਜਪਾ ਕੌਂਸਲਰਾਂ ਦੇ ਵਾਰਡਾਂ ਵਿੱਚ ਸਫ਼ਾਈ ਦੀ ਹਾਲਤ ਮਾੜੀ ਹੈ। ਕੌਂਸਲਰ ਪੂਨਮ ਰਤੜਾ ਨੇ ਕਿਹਾ ਕਿ ਸਾਰੇ ਕੌਂਸਲਰਾਂ ਨੇ ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਦੱਸੀਆਂ, ਇਸ ਦੌਰਾਨ ਮੇਅਰ ਨੇ ਸੁਰੱਖਿਆ ਕਰਮਚਾਰੀਆਂ ਨੂੰ ਬੁਲਾਇਆ ਅਤੇ ਕੌਂਸਲਰ ਮੁਕੇਸ਼ ਨੂੰ ਬਾਹਰ ਕੱਢ ਦਿੱਤਾ। ਇਸ ਤੋਂ ਇਲਾਵਾ ਉਸਨੇ ਸਾਰਿਆਂ ਨਾਲ ਬਦਸਲੂਕੀ ਕੀਤੀ।
ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋ ਰਿਹਾ: ਮੇਅਰ
ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਉਹ ਸਾਰੇ ਭਾਜਪਾ ਕੌਂਸਲਰਾਂ ਨਾਲ ਮੀਟਿੰਗ ਕਰ ਰਹੇ ਹਨ। ਅੱਜ ਵੀ ਉਨ੍ਹਾਂ ਕੌਸਲਰਾਂ ਤੋਂ ਸਮੱਸਿਆਵਾਂ ਸੁਣੀਆਂ ਤੇ ਨਿਗਮ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਨਿਰਦੇਸ਼ ਦਿੱਤੇ। ਇਸ ਮੌਕੇ ਕੌਂਸਲਰ ਮੁਕੇਸ਼ ਖੱਤਰੀ ਉੱਚੀ ਆਵਾਜ਼ ਵਿੱਚ ਬੋਲਣ ਲੱਗ ਪਏ। ਕੌਂਸਲਰ ਦੀ ਉੱਚੀ ਆਵਾਜ਼ ਸੁਣ ਕੇ ਗਾਰਡ ਅੰਦਰ ਆ ਗਏ ਜਿਸ ਤੋਂ ਬਾਅਦ ਉਨ੍ਹਾਂ ਇਸ ਗੱਲ ਦਾ ਮੁੱਦਾ ਬਣਾ ਲਿਆ। ਉਨ੍ਹਾਂ ਕਿਹਾ ਕਿ ਸਾਰੇ ਕੌਂਸਲਰ ਉਨ੍ਹਾਂ ਲਈ ਇੱਕੋ ਜਿਹੇ ਹਨ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾ ਰਿਹਾ ਹੈ।