ਭਾਕਿਯੂ (ਉਗਰਾਹਾਂ) ਵੱਲੋਂ ਬਰਨਾਲਾ ਰੈਲੀ ਲਈ ਲਾਮਬੰਦੀ
ਭਾਕਿਯੂ ਏਕਤਾ (ਉਗਰਾਹਾਂ) ਨੇ 14 ਸਤੰਬਰ ਨੂੰ ਬਰਨਾਲਾ ਵਿੱਚ ‘ਰਾਖੀ ਕਰੋ ਰੈਲੀ’ ਦੀ ਤਿਆਰੀ ਲਈ ਪਿੰਡਾਂ ਵਿੱਚ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਭਾਕਿਯੂ ਏਕਤਾ (ਉਗਰਾਹਾਂ) ਬਲਾਕ ਪੱਖੋਵਾਲ ਦੀ ਪਿੰਡ ਨਾਰੰਗਵਾਲ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਮੀਟਿੰਗ ਵਿਚ ਬਰਨਾਲਾ ਰੈਲੀ ਦੀ ਲਾਮਬੰਦੀ ਲਈ ਪਿੰਡਾਂ ਵਿੱਚ ਮੀਟਿੰਗਾਂ ਦੀ ਵਿਉਂਤਬੰਦੀ ਕੀਤੀ ਗਈ। ਕਿਸਾਨ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀਆਂ ਹੱਥ ਠੋਕਾ ਬਣ ਗਈਆਂ ਹਨ ਅਤੇ ਲੋਕ ਮਾਰੂ ਨੀਤੀਆਂ ਬਣਾਉਣ ਦੇ ਰਾਹ ਪੈ ਗਈਆਂ ਹਨ। ਭਾਰਤ ਮਾਲਾ ਪ੍ਰਾਜੈਕਟ, ਲੈਂਡ ਪੂਲਿੰਗ ਨੀਤੀ, ਮੰਡੀਕਰਨ ਖ਼ਤਮ ਕਰਨ ਵਰਗੀਆਂ ਲੋਕ ਮਾਰੂ ਨੀਤੀਆਂ ਘੜੀਆਂ ਜਾ ਰਹੀਆਂ ਹਨ। ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਨਾਰੰਗਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਆਪਣੇ ਹੱਕਾਂ ਦੀ ਰਾਖੀ ਲਈ ਕੇਵਲ ਸੰਘਰਸ਼ਾਂ ਦਾ ਰਾਹ ਹੀ ਬਚਿਆ ਹੈ। ਹੋਰਨਾ ਤੋਂ ਇਲਾਵਾ ਕਿਸਾਨ ਆਗੂ ਚਰਨਜੀਤ ਸਿੰਘ ਫੱਲੇਵਾਲ, ਸੁਦਾਗਰ ਸਿੰਘ ਘੁਡਾਣੀ, ਖ਼ਜ਼ਾਨਚੀ ਰਾਜਿੰਦਰ ਸਿੰਘ ਸਿਆੜ੍ਹ ਅਤੇ ਨਾਜ਼ਰ ਸਿੰਘ ਸਿਆੜ ਨੇ ਵੀ ਸੰਬੋਧਨ ਕੀਤਾ।