ਬਾਸਕਟਬਾਲ: ਐੱਸ ਸੀ ਡੀ ਕਾਲਜ ਦੀ ਟੀਮ ਨੇ ਸੋਨ ਤਗ਼ਮਾ ਜਿੱਤਿਆ
ਇਥੇ ਐੱਸ ਸੀ ਡੀ ਸਰਕਾਰੀ ਕਾਲਜ, ਲੁਧਿਆਣਾ ਦੀ ਬਾਸਕਟਬਾਲ ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਸ ਜਿੱਤ ਨਾਲ ਕਾਲਜ ਦੀ ਟੀਮ ਨੇ ਲਗਾਤਾਰ ਡੇਢ ਦਹਾਕੇ ਤੋਂ ਸੋਨੇ ਦਾ ਤਮਗਾ ਜਿੱਤ ਕੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇਹ ਉਪਲਬਧੀ ਕਾਲਜ ਦੇ ਖਿਡਾਰੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਦੀ ਪ੍ਰਤੀਕ ਹੈ।
ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਗੁਰਸ਼ਰਨ ਜੀਤ ਸਿੰਘ ਸੰਧੂ ਨੇ ਇਸ ਇਤਿਹਾਸਕ ਜਿੱਤ ’ਤੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਵੰਤ ਸਿੰਘ, ਪ੍ਰੋ. ਸਤਨਾਮ ਸਿੰਘ ਅਤੇ ਪ੍ਰੋ. ਅਮਨਪ੍ਰੀਤ ਕੌਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੇ ਸਮਰਪਣ ਅਤੇ ਵਿਭਾਗ ਦੀ ਲਗਾਤਾਰ ਚੰਗੀ ਅਗਵਾਈ ਦਾ ਨਤੀਜਾ ਹੈ।
ਪ੍ਰੋ. ਕੁਲਵੰਤ ਸਿੰਘ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਕਾਲਜ ਦੀ ਬਾਸਕਟਬਾਲ ਟੀਮ ਦੀ ਮੈਨਟਰ ਪ੍ਰੋ. ਅਮਨਪ੍ਰੀਤ ਕੌਰ ਨੇ ਹਮੇਸ਼ਾ ਟੀਮ ਨੂੰ ਸਹੀ ਦਿਸ਼ਾ ਅਤੇ ਪ੍ਰੇਰਣਾ ਦਿੱਤੀ ਹੈ। ਉਨ੍ਹਾਂ ਖ਼ਾਸ ਤੌਰ ’ਤੇ ਐਸੋਸੀਏਸ਼ਨ ਦੇ ਸਕੱਤਰ ਤੇਜਾ ਸਿੰਘ ਧਾਲੀਵਾਲ ਅਤੇ ਸੀਨੀਅਰ ਬਾਸਕਟਬਾਲ ਕੋਚ ਜੈ ਪਾਲ ਸਿੰਘ ਦਾ ਧੰਨਵਾਦ ਕੀਤਾ।
