ਬੇਸਬਾਲ ਚੈਂਪੀਅਨਸ਼ਿਪ: ਲੁਧਿਆਣਾ ਤੇ ਫਿਰੋਜ਼ਪੁਰ ਦੀਆਂ ਟੀਮਾਂ ਫਾਈਨਲ ’ਚ
ਲੁਧਿਆਣਾ ਜ਼ਿਲ੍ਹਾ ਬੇਸਬਾਲ ਐਸੋਸੀਏਸ਼ਨ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਿੱਲ ਲੁਧਿਆਣਾ ਵਿੱਚ ਅੱਜ ਤੋਂ 13ਵੀਂ ਜੂਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਸ਼ੁਰੂ ਹੋ ਗਈ। ਇਹ ਚੈਂਪੀਅਨਸ਼ਿਪ 13 ਅਕਤੂਬਰ ਤੱਕ ਚੱਲੇਗੀ। ਇਸ ਚੈਂਪੀਅਨਸ਼ਿਪ ਵਿੱਚ ਲੜਕੀਆਂ ਦੀਆਂ 16 ਟੀਮਾਂ ਹਿੱਸਾ ਲੈ ਰਹੀਆਂ ਹਨ। ਲੁਧਿਆਣਾ ਅਤੇ ਫਿਰੋਜ਼ਪੁਰ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚੀਆਂ।
ਚੈਂਪੀਅਨਸ਼ਿਪ ਦੇ ਅੱਜ ਪਹਿਲੇ ਦਿਨ ਲੜਕੀਆਂ ਦੇ ਵਰਗ ਵਿੱਚ ਕਪੂਰਥਲਾ ਨੇ ਫਾਜ਼ਿਲਕਾ ਨੂੰ 1-0 ਨਾਲ, ਲੁਧਿਆਣਾ ਨੇ ਰੋਪੜ ਨੂੰ 2-0 ਨਾਲ, ਸੰਗਰੂਰ ਨੇ ਫਤਿਹਗੜ੍ਹ ਸਾਹਿਬ ਨੂੰ 11-0 ਨਾਲ, ਜਲੰਧਰ ਨੇ ਮਾਨਸਾ ਨੂੰ 9-7 ਨਾਲ, ਅੰਮ੍ਰਿਤਸਰ ਨੇ ਬਰਨਾਲਾ ਨੂੰ 2-0 ਨਾਲ, ਫਿਰੋਜ਼ਪੁਰ ਨੇ ਸ਼੍ਰੀ ਮੁਕਤਸਰ ਸਾਹਿਬ ਨੂੰ 10-0 ਨਾਲ, ਪਟਿਆਲਾ ਨੇ ਮਲੇਰਕੋਟਲਾ ਨੂੰ 2-0 ਨਾਲ, ਮੋਗਾ ਨੇ ਐਸਏਐਸ ਨਗਰ ਮੁਹਾਲੀ ਨੂੰ 10-0 ਨਾਲ ਹਰਾਇਆ। ਪਹਿਲੇ ਕੁਆਰਟਰ ਫਾਈਨਲ ਮੈਚ ਵਿੱਚ ਲੁਧਿਆਣਾ ਨੇ ਕਪੂਰਥਲਾ ਨੂੰ 6-0 ਦੇ ਸਕੋਰ ਨਾਲ ਹਰਾਇਆ। ਜੇਤੂ ਟੀਮ ਵੱਲੋਂ ਨਵਜੋਤ ਅਤੇ ਅਨਾਮਿਕਾ ਨੇ ਦੋ-ਦੋ ਦੌੜਾਂ ਬਣਾਈਆਂ। ਦੂਜੇ ਕੁਆਰਟਰ ਫਾਈਨਲ ਮੈਚ ਵਿੱਚ ਫਿਰੋਜ਼ਪੁਰ ਨੇ ਅੰਮ੍ਰਿਤਸਰ ਨੂੰ 9-8 ਦੇ ਸਕੋਰ ਨਾਲ ਹਰਾਇਆ। ਜੇਤੂ ਟੀਮ ਵੱਲੋਂ ਅਮਾਨਤ ਅਤੇ ਸਿਮਰਨ ਨੇ ਦੋ-ਦੋ ਦੌੜਾਂ ਬਣਾਈਆਂ। ਤੀਜੇ ਕੁਆਰਟਰ ਫਾਈਨਲ ਮੈਚ ਵਿੱਚ ਸੰਗਰੂਰ ਨੇ ਜਲੰਧਰ ਨੂੰ 7-5 ਦੇ ਸਕੋਰ ਨਾਲ ਜਦਕਿ ਚੌਥੇ ਕੁਆਰਟਰ ਫਾਈਨਲ ਮੈਚ ਵਿੱਚ ਮੋਗਾ ਨੇ ਪਟਿਆਲਾ ਨੂੰ 6-1 ਦੇ ਸਕੋਰ ਨਾਲ ਹਰਾਇਆ। ਪਹਿਲੇ ਸੈਮੀਫਾਈਨਲ ਮੈਚ ਵਿੱਚ ਲੁਧਿਆਣਾ ਨੇ ਮੋਗਾ ਨੂੰ 9-1 ਦੇ ਸਕੋਰ ਨਾਲ ਜਦਕਿ ਦੂਜੇ ਸੈਮੀਫਾਈਨਲ ਮੈਚ ਵਿੱਚ ਫਿਰੋਜ਼ਪੁਰ ਨੇ ਸੰਗਰੂਰ ਨੂੰ 10-2 ਦੇ ਸਕੋਰ ਨਾਲ ਹਰਾਇਆ। 12 ਅਕਤੂਬਰ ਨੂੰ ਫਾਈਨਲ ਮੈਚ ਲੁਧਿਆਣਾ ਅਤੇ ਫਿਰੋਜ਼ਪੁਰ ਵਿਚਕਾਰ ਖੇਡਿਆ ਜਾਵੇਗਾ । ਪਹਿਲੇ ਦਿਨ ਸ਼ਾਹੀ ਸਪੋਰਟਸ ਕਾਲਜ ਦੇ ਐਮਡੀ ਗੁਰਵੀਰ ਸਿੰਘ ਸ਼ਾਹੀ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਸਕੱਤਰ ਹਰਬੀਰ ਸਿੰਘ ਗਿੱਲ, ਪ੍ਰਧਾਨ ਸੁਖਦੇਵ ਸਿੰਘ ਔਲਖ, ਰਾਜਿੰਦਰ ਸਿੰਘ, ਰੇਸ਼ਮ ਸਿੰਘ, ਸੁੰਦਰ ਸਿੰਘ, ਚਮਕੌਰ ਸਿੰਘ, ਮਲਵਿੰਦਰ ਸਿੰਘ, ਬਲਦੇਵ ਸਿੰਘ ਸਮੇਤ ਸਮੂਹ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।