ਬੈਂਸ ਵੱਲੋਂ ਕਾਂਗਰਸ ਦੀ ਮਜ਼ਬੂਤੀ ਲਈ ਵਰਕਰਾਂ ਨਾਲ ਮੀਟਿੰਗ
ਕਾਂਗਰਸ ਪਾਰਟੀ ਦੀ ਮਜ਼ਬੂਤੀ ਅਤੇ 2027 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ ਲਈ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਇਸ ਸਿਲਸਿਲੇ ਵਿੱਚ ਉਨ੍ਹਾਂ ਹਲਕਾ ਆਤਮ ਨਗਰ ਵਿੱਚ ਕਾਂਗਰਸੀ ਵਰਕਰਾਂ ਦੀ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹੁਣ ਤੋਂ ਹੀ ਯਤਨ ਸ਼ੁਰੂ ਕਰ ਦੇਣ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਡੱਟ ਕੇ ਕੰਮ ਕਰਨ।
ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਦੇ ਮਾਮਲੇ ਦੀ ਸਚਾਈ ਸਾਹਮਣੇ ਲਿਆ ਕੇ ਦੇਸ਼ ਨੂੰ ਦੱਸ ਦਿੱਤਾ ਹੈ ਕਿ ਭਾਜਪਾ ਕਿੰਨੇ ਕੁ ਪਾਣੀ ’ਚ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਅਜਿਹੀ ਪਾਰਟੀ ਹੈ, ਜੋ ਲੋਕ ਹਿੱਤਾਂ ਲਈ ਕੰਮ ਕਰਦੀ ਹੈ ਅਤੇ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ।
ਉਨ੍ਹਾਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਵਿੱਚ ਆਈ ਭਗਵੰਤ ਮਾਨ ਦੀ ਅਗਵਾਈ ਹੇਠਲੀ ‘ਆਪ’ ਸਰਕਾਰ ਨੇ ਸੂਬੇ ਨੂੰ ਕਰਜ਼ਾਈ ਕਰਨ ਤੋਂ ਸਿਵਾਏ ਕੁੱਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਹੜ੍ਹਾਂ ਨਾਲ ਹੋਈ ਤਬਾਹੀ ਨੂੰ ਲੈਕੇ ਖੂਨ ਦੇ ਹੰਝੂ ਰੋਣ ਲਈ ਮਜ਼ਬੂਰ ਹਨ ਅਤੇ ‘ਆਪ’ ਆਗੂਆਂ ਵੱਲੋਂ ਉਨ੍ਹਾਂ ਦੀ ਕੋਈ ਪੁੱਛ ਗਿੱਛ ਨਹੀਂ ਕੀਤੀ ਜਾ ਰਹੀ ਜਿਸ ਨੂੰ ਲੈ ਕੇ ਉਹ ਦੁਖੀ ਅਤੇ ਪ੍ਰੇਸ਼ਾਨ ਹਨ। ਇਸ ਮੌਕੇ ਕੁਲਵਿੰਦਰ ਸਿੰਘ ਬੈਨੀਪਾਲ, ਸੋਹਣ ਸਿੰਘ, ਪ੍ਰਦੀਪ ਸਿੰਘ ਬੰਟੀ, ਕਰਤਾਰ ਸਿੰਘ ਬਰਾੜ, ਗੁਰਦੀਪ ਸਿੰਘ ਕਾਲੜਾ, ਅਮਰ ਬਜਾਜ, ਸੁਖਵਿੰਦਰ ਸਿੰਘ, ਐਡਵੋਕੇਟ ਪਾਰਿਕ ਸ਼ਰਮਾ, ਬਲਬੀਰ ਸਿੰਘ ਅਤੇ ਇੰਦਰਜੀਤ ਸਿੰਘ ਚਾਵਲਾ ਮੌਜੂਦ ਸਨ।