ਗਹਿਣੇ, ਡਰਾਈ ਫਰੂਟ, ਦੇਸੀ ਘਿਓ ਅਤੇ ਇਲਾਚੀਆਂ ਦੇ ਥੈਲੇ ਚੋਰੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਜੁਲਾਈ
ਅਣਪਛਾਤੇ ਵਿਅਕਤੀ ਵੱਖ ਵੱਖ ਥਾਵਾਂ ਤੋਂ ਲੱਖਾਂ ਰੁਪਏ ਦੇ ਮੁੱਲ ਵਾਲੇ ਸੋਨੇ ਦੇ ਗਹਿਣੇ, ਡਰਾਈ ਫਰੂਟ, ਦੇਸੀ ਘਿਓ ਅਤੇ ਲਾਚੀਆਂ ਆਦਿ ਚੋਰੀ ਕਰਕੇ ਲੈ ਗਏ ਹਨ।
ਥਾਣਾ ਮਾਡਲ ਟਾਊਨ ਦੇ ਇਲਾਕੇ ਮਾਡਲ ਟਾਊਨ
ਐਕਸਟੈਂਸ਼ਨ ਵਿੱਚ ਰਹਿੰਦੇ ਜਗਦੀਸ਼ ਰਾਏ ਆਪਣੇ ਪਰਿਵਾਰ ਸਮੇਤ ਘਰ ਵਿੱਚ ਮੌਜੂਦ ਸੀ ਤਾਂ ਪ੍ਰਿਆ ਉਰਫ ਪੂਜਾ ਜੋ ਘਰ ਸਫ਼ਾਈ ਦਾ ਕੰਮ ਕਰਨ ਲਈ ਆਈ ਸੀ, ਉਸ ਨੂੰ ਜਗਦੀਸ਼ ਰਾਏ ਦੀ ਪਤਨੀ ਨੇ ਆਪਣੇ ਕਮਰੇ ਵਿੱਚ ਬੁਲਾ ਕੇ ਮਾਲਿਸ਼ ਕਰਨ ਲਈ ਕਿਹਾ। ਉਹ ਕਰੀਬ 20 ਕੁ ਮਿੰਟ ਬਾਅਦ ਉਨ੍ਹਾਂ ਨੂੰ ਬਿਨਾਂ ਦੱਸੇ ਘਰੋਂ ਚਲੀ ਗਈ। ਉਸ ਦੀ ਪਤਨੀ ਨੇ ਜਦੋਂ ਚੈੱਕ ਕੀਤਾ ਤਾਂ ਉਸ ਵੱਲੋਂ ਬੈੱਡ ਦੇ ਟੇਬਲ ’ਤੇ ਰੱਖੀਆਂ 2 ਸੋਨੇ ਦੀਆ ਚੂਡੀਆਂ ਅਤੇ 2 ਸੋਨੇ ਦੀਆ ਮੁੰਦਰੀਆਂ ਗਾਇਬ ਸਨ, ਜਿਸ ਨੂੰ ਪੂਜਾ ਚੋਰੀ ਕਰਕੇ ਲੈ ਗਈ ਹੈ।
ਪੁਲੀਸ ਵੱਲੋਂ ਪ੍ਰਿਆ ਉਰਫ਼ ਪੂਜਾ ਵਾਸੀ ਘੋੜਾ ਕਲੋਨੀ, ਚੀਮਾ ਚੌਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸਦੀ ਭਾਲ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਡਵੀਜਨ ਨੰਬਰ 1 ਦੇ ਇਲਾਕੇ ਕੇਸਰ ਗੰਜ ਮੰਡੀ ਸਥਿਤ ਮਾਧੋ ਰਾਘਵ ਨਿਸ਼ਾ ਮੁੰਜਾਲ ਦੀ ਡਰਾਈ ਫਰੂਟ ਅਤੇ ਮਸਾਲਿਆਂ ਦੀ ਦੁਕਾਨ ਵਿੱਚੋਂ ਅਣਪਛਾਤੇ ਵਿਅਕਤੀ ਚਿੱਟੇ ਰੰਗ ਦੀ ਸਵਿਫ਼ਟ ਡਿਜ਼ਾਇਰ ਗੱਡੀ ਵਿੱਚ ਆਏ ਅਤੇ ਲੋਹੇ ਦੀ ਰਾਡ ਨਾਲ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ’ਚੋਂ ਕਰੀਬ 4 ਲੱਖ ਰੁਪਏ ਦਾ ਡਰਾਈ ਫਰੂਟ, ਦੇਸੀ ਘਿਓ ਅਤੇ ਇਲਾਇਚੀ ਦੇ ਥੈਲੇ ਚੋਰੀ ਕਰ ਕੇ ਲੈ ਗਏ ਹਨ। ਥਾਣੇਦਾਰ ਧਰਮਵੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।