ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਬਾਬਾ ਜੋਰਾਵਰ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਮੁੱਲਾਂਪੁਰ ਦਾਖਾਂ ਵਿੱਚ ਚੱਲ ਰਹੀਆਂ ਸਕੂਲੀ ਜ਼ਿਲ੍ਹਾ ਖੇਡਾਂ ਦੌਰਾਨ ਖੰਨਾ ਜ਼ੋਨ ਦੀ ਫੁੱਟਬਾਲ ਅੰਡਰ-19 ਗੋਲਡ ਮੈਡਲਿਸਟ ਟੀਮ ਬਾਬਾ ਜੋਰਾਵਰ ਸਿੰਘ ਫ਼ਤਹਿ ਸਿੰਘ ਮੰਜੀ ਸਾਹਿਬ ਕੋਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਵੀ ਗੋਲਡ ਮੈਡਲ ਜਿੱਤ ਲਿਆ ਹੈ। ਫਾਈਨਲ ਮੁਕਾਬਲੇ ਵਿੱਚ ਖੰਨਾ ਜ਼ੋਨ ਦੀ ਟੀਮ ਨੇ ਆਪਣੇ ਵਿਰੋਧੀ ਟੀਮ ਨੂੰ 4-1 ਦੇ ਵੱਡੇ ਅੰਤਰ ਨਾਲ ਹਰਾਕੇ ਖਿਤਾਬ ਆਪਣੇ ਨਾਮ ਕੀਤਾ। ਇਸ ਜਿੱਤ ਨਾਲ ਖੰਨਾ ਜ਼ੋਨ ਦੀ ਖੇਡ ਪ੍ਰਤਿਭਾ ਇੱਕ ਵਾਰ ਫਿਰ ਸਾਹਮਣੇ ਆਈ ਹੈ।
ਇਸ ਜੇਤੂ ਟੀਮ ਵਿੱਚ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮੰਜੀ ਸਾਹਿਬ ਕੋਟਾਂ ਦੇ 8 ਹਰਮਨਪ੍ਰੀਤ ਸਿੰਘ, ਅਨਮੋਲਪ੍ਰੀਤ ਸਿੰਘ, ਹਰਜਸ ਸਿੰਘ, ਅਰਮਨਦੀਪ ਸਿੰਘ, ਜਸਵਿੰਦਰ ਸਿੰਘ, ਧਰਮਪ੍ਰੀਤ ਸਿੰਘ, ਸਪਨਦੀਪ ਸਿੰਘ ਅਤੇ ਅਮ੍ਰਿਤਵੀਰ ਸਿੰਘ ਸ਼ਾਮਿਲ ਸਨ। ਇਨ੍ਹਾਂ ਦੇ ਨਾਲ ਨਾਲ ਖੰਨਾ ਜ਼ੋਨਲ ਦੇ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਟੀਮ ਵਿੱਚ ਭਾਗ ਲੈ ਕੇ ਇਸ ਜਿੱਤ ਵਿੱਚ ਯੋਗਦਾਨ ਪਾਇਆ। ਖਿਡਾਰੀਆਂ ਦੀ ਮਿਹਨਤ ਅਤੇ ਲਗਨ ਨੇ ਇਸ ਜਿੱਤ ਨੂੰ ਸੰਭਵ ਬਣਾਇਆ ਹੈ। ਇਹ ਖੇਡਾਂ ਜ਼ਿਲਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ ਦੀ ਰਹਿਨੁਮਾਈ ਹੇਠ ਕਰਵਾਈਆਂ ਗਈਆਂ। ਜਿੱਤ ਤੋਂ ਬਾਅਦ ਖਿਡਾਰੀਆਂ ਵਿੱਚ ਬਹੁਤ ਉਤਸ਼ਾਹ ਦਿੱਖਿਆ ਗਿਆ। ਹੁਣ ਇਹ ਟੀਮ ਸਟੇਟ ਪੱਧਰੀ ਖੇਡਾਂ ਵਿੱਚ ਲੁਧਿਆਣੇ ਜਿਲ੍ਹੇ ਦੀ ਨੁਮਾਇੰਦਗੀ ਕਰੇਗੀ। ਇਸ ਮੌਕੇ ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ, ਜ਼ਜ਼ਬੇ ਅਤੇ ਉਨ੍ਹਾਂ ਦੇ ਕੋਚ ਡੀ.ਪੀ.ਈ. ਗੁਰਵਿੰਦਰ ਸਿੰਘ ਦੀ ਰਹਿਨੁਮਾਈ ਦਾ ਨਤੀਜਾ ਹੈ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਵੀ ਇਸ ਜਿੱਤ 'ਤੇ ਸਕੂਲ ਪ੍ਰਿੰਸੀਪਲ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸਕੂਲ ਹਮੇਸ਼ਾਂ ਹੀ ਖੇਡਾਂ ਅਤੇ ਸਿੱਖਿਆ ਦੋਵੇਂ ਖੇਤਰਾਂ ਵਿੱਚ ਅੱਗੇ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਹਰੇਕ ਮੌਕਾ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਬਾਬਾ ਜੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀ ਪਹਿਲਾਂ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣਾ ਲੋਹਾ ਮਨਵਾ ਚੁੱਕੇ ਹਨ।