ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਵਸ ਮਨਾਇਆ
ਨਜ਼ਦੀਕੀ ਪਿੰਡ ਤਲਵੰਡੀ ਕਲਾਂ ਸਥਿਤ ਇਲਾਕੇ ਦੀ ਸਿਰਕੱਢ ਵਿਦਿਅਕ ਸੰਸਥਾ ਮਹੰਤ ਲਛਮਣ ਦਾਸ (ਐਮਐਲਡੀ) ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ 355ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਸਮੇਂ ਪ੍ਰਿੰ. ਬਲਦੇਵ ਬਾਵਾ ਦੀ ਅਗਵਾਈ ਹੇਠ ਇਕ ਯਾਦਗਾਰੀ ਸਮਾਗਮ ਹੋਇਆ। ਇਸ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਉਪਰੰਤ ਤੇਗ ਵਰਤਾਈ ਗਈ। ਮੈਡਮ ਰਮਨਦੀਪ ਕੌਰ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਖ ਇਤਿਹਾਸ ਨੂੰ ਵੱਡਮੁੱਲੀ ਦੇਣ ਹੈ। ਉਨ੍ਹਾਂ ਨੇ ਵਿਲੱਖਣ ਇਤਿਹਾਸ ਦੀ ਰਚਨਾ ਕੀਤੀ। ਬਾਬਾ ਜੀ ਨੇ ਹਥਿਆਰਬੰਦ ਸਿਖਲਾਈ ਪ੍ਰਾਪਤ ਫੌਜਾਂ ਦਾ ਮੁਕਾਬਲਾ ਆਮ ਲੋਕਾਂ ਵਿੱਚ ਜੋਸ਼ ਭਰ ਕੇ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ’ਤੇ ਸਿੱਕੇ ਅਤੇ ਮੋਹਰਾਂ ਚਲਾਈਆਂ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ‘ਬੰਦਾ ਬਦਲਾ ਲੈਣ ਆ ਗਿਆ ਸੁਣ ਸੂਬੇ ਸਰਹਿੰਦਾਂ’ ਰਾਹੀਂ ਜੋਸ਼ ਭਰਨ ਦਾ ਕੰਮ ਕੀਤਾ। ਈਸ਼ਵਰਪਾਲ ਸਿੰਘ ਨੇ ਗੀਤ ‘ਬੰਦਾ ਸਿੰਘ ਬਹਾਦਰ’ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਕਵੀਸ਼ਰੀ ‘ਔਖੇ ਵੇਲੇ ਸਾਨੂੰ ਲਈ ਵੰਗਾਰ ਬੰਦਿਆ’ ਪੇਸ਼ ਕੀਤੀ। ਪ੍ਰਿੰਸੀਪਲ ਬਲਦੇਵ ਬਾਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ। ਪ੍ਰਿੰ. ਬਾਵਾ ਨੇ ਪੰਜਾਬ ਦੀ ਸਮੂਹ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਧਰਤੀ ਉੱਪਰ ਪ੍ਰਫੁੱਲਤ ਹੋ ਰਹੀਆਂ ਸੰਸਥਾਵਾਂ ਪੰਜਾਬ ਦੇ ਗੌਰਵਮਈ ਇਤਿਹਾਸ, ਬਹਾਦਰ ਸੂਰਵੀਰ ਯੋਧਿਆਂ, ਦੇਸ਼ਭਗਤਾਂ ਅਤੇ ਕੁਰਬਾਨੀ ਵਾਲੀ ਸ਼ਖਸ਼ੀਅਤਾਂ ਨੂੰ ਬਿਨਾਂ ਕਿਸੇ ਸੰਕੋਚ ਤੋਂ ਜ਼ਰੂਰ ਯਾਦ ਕਰਨ। ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਹੋਣਗੀਆਂ ਅਤੇ ਮਾਣ ਮਹਿਸੂਸ ਕਰ ਸਕਣਗੀਆਂ। ਜੇ ਪੰਜਾਬ ਦੀ ਧਰਤੀ ਉੱਪਰ ਪੰਜਾਬ ਦਾ ਅਨਾਜ ਖਾ ਕੇ ਆਨੰਦਮਈ ਜੀਵਨ ਬਤੀਤ ਕਰਨ ਵਾਲੇ ਲੋਕ ਪੰਜਾਬ ਦੇ ਇਤਿਹਾਸ ਤੇ ਕੁਰਬਾਨੀਆਂ ਨੂੰ ਯਾਦ ਨਹੀਂ ਕਰਨਗੇ ਤਾਂ ਇਥੇ ਵਿਦੇਸ਼ੀ ਅਤੇ ਬਾਹਰੀ ਤਿਉਹਾਰ ਖੁਸ਼ੀ ਨਾਲ ਵੱਧ ਚੜ੍ਹ ਕੇ ਮਨਾਉਣ ਦੀ ਪਿਰਤ ਪਵੇਗੀ। ਸਮਾਗਮ ਵਿੱਚ ਮੈਡਮ ਜਸਮਿੰਦਰ ਕੌਰ, ਅੰਮ੍ਰਿਤਪਾਲ ਕੌਰ, ਗੁਰਿੰਦਰਪਾਲ ਸਿੰਘ, ਗੁਰਚਰਨ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।