ਪਰਾਲੀ ਨਾ ਸਾੜਨ ਬਾਰੇ ਜਾਗਰੂਕਤਾ ਵੈਨਾਂ ਰਵਾਨਾਂ
ਬਲਾਕ ਖੇਤੀਬਾੜੀ ਅਫ਼ਸਰ ਸਮਰਾਲਾ ਡਾ. ਗੌਰਵ ਧੀਰ ਦੀ ਅਗਵਾਈ ਹੇਠ ਅੱਜ ਖੇਤੀਬਾੜੀ ਦਫ਼ਤਰ ਸਮਰਾਲਾ ਤੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ ਵੈਨਾਂ ਰਵਾਨਾ ਕੀਤੀਆਂ ਗਈਆਂ। ਇਹ ਮੁਹਿੰਮ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਸ ਮੌਕੇ ਡਾ. ਗੌਰਵ ਧੀਰ ਨੇ ਦੱਸਿਆ ਕਿ ਆਧੁਨਿਕ ਉਪਕਰਣਾਂ ਨਾਲ ਪਰਾਲੀ ਪ੍ਰਬੰਧਨ ਕਰਨ ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਫ਼ੀ ਸੁਧਾਰ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ, ਕਿਉਂਕਿ ਇਹ ਵਾਤਾਵਰਨ ਲਈ ਗੰਭੀਰ ਖ਼ਤਰਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਸਬਸਿਡੀ ਤੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਪਹਿਲਾਂ ਹੀ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚ ਝੋਨੇ ਦੀ ਪਰਾਲੀ ਦੀਆਂ ਗੰਢਾਂ ਬੰਨ੍ਹਣ ਲਈ ਬੇਲਰ ਮਸ਼ੀਨਾਂ ਵੀ ਸ਼ਾਮਲ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਇਨ੍ਹਾਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਇਸ ਦਾ ਖੇਤ ਵਿੱਚ ਹੀ ਪ੍ਰਬੰਧਨ ਕਰਨ ਲਈ ਸਮੂਹਿਕ ਯਤਨ ਬਹੁਤ ਜ਼ਰੂਰੀ ਹਨ। ਕਿਸਾਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਬਚਾਉਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਹਿਮਾਂਸ਼ੂ ਅਗਰਵਾਲ ਖੇਤੀਬਾੜੀ ਵਿਕਾਸ ਅਫਸਰ, ਡਾ. ਕੋਮਲ ਸਾਗਰ ਖੇਤੀਬਾੜੀ ਵਿਕਾਸ ਅਫਸਰ, ਡਾ. ਅਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਚਮਕੌਰ ਸਿੰਘ ਖੇਤੀਬਾੜੀ ਉੱਪ ਨਿਰੀਖਕ, ਕੁਲਵਿੰਦਰ ਸਿੰਘ ਏ. ਟੀ. ਐਮ., ਪਰਗਟ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਮੌਜੂਦ ਸਨ।