ਜੀਐੱਚਜੀ ਅਕੈਡਮੀ ’ਚ ਜਾਗਰੂਕਤਾ ਸੈਮੀਨਾਰ
ਸਥਾਨਕ ਜੀਐੱਚਜੀ ਅਕੈਡਮੀ ਕੋਠੇ ਬੱਗੂ ਵਿੱਚ 9ਵੀਂ ਤੋਂ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮਹੱਤਵਪੂਰਨ ਮੁੱਦਿਆਂ ’ਤੇ ਇਕ ਵਿਚਾਰ-ਚਰਚਾ ਸੈਮੀਨਾਰ ਕਰਵਾਇਆ ਗਿਆ। ਇਸ ਦਾ ਉਦੇਸ਼ ਵਿਭਿੰਨ ਖੇਤਰਾਂ ਦੇ ਪ੍ਰਸਿੱਧ ਮਾਹਰਾਂ ਨੂੰ ਸੱਦਾ ਦੇ ਕੇ ਪਾਠ-ਪੁਸਤਕਾਂ ਤੋਂ ਪਰ੍ਹੇ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਉਣਾ ਸੀ। ਸਵੇਰੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਡਾ. ਮਨਦੀਪ ਕੌਰ ਐਸੋਸੀਏਟ ਪ੍ਰੋਫੈਸਰ ਸਕੂਲ ਆਫ਼ ਇੰਜਨੀਅਰਿੰਗ ਐਂਡ ਤਕਨਾਲੋਜੀ ਸੀਟੀ ਯੂਨੀਵਰਸਿਟੀ ਵੱਲੋਂ ਕਰਵਾਏ ‘ਏਆਈ ਦਾ ਭਵਿੱਖ’ ਵਿਸ਼ੇ ’ਤੇ ਸੰਬੋਧਨ ਕੀਤਾ। ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਵੱਖ-ਵੱਖ ਖੇਤਰਾਂ ’ਤੇ ਇਸ ਦੇ ਵਧਦੇ ਪ੍ਰਭਾਵ ਬਾਰੇ ਉਨ੍ਹਾਂ ਦੀ ਸੂਝ ਨੇ ਵਿਦਿਆਰਥੀਆਂ ਵਿੱਚ ਉਤਸੁਕਤਾ ਅਤੇ ਉਤਸ਼ਾਹ ਨੂੰ ਜਗਾਇਆ।
ਨਨਕਾਣਾ ਪਬਲਿਕ ਸਕੂਲ ਤੋਂ ਰਣਬੀਰ ਮਥਾਰੂ ਨੇ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਕੂਟਨੀਤੀ ਰਾਹੀਂ ਮਨੁੱਖੀ ਅਧਿਕਾਰ’ ਵਿਸ਼ੇ ’ਤੇ ਦਿਲਚਸਪ ਭਾਸ਼ਣ ਦਿੱਤਾ। ਸੈਸ਼ਨ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਵਿੱਚ ਕੂਟਨੀਤੀ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਵਿਦਿਆਰਥੀਆਂ ਨੂੰ ਵਿਸ਼ਵ-ਵਿਆਪੀ ਮੁੱਦਿਆਂ ਬਾਰੇ ਆਲੋਚਨਾਤਮਕ ਤੌਰ ’ਤੇ ਸੋਚਣ ਲਈ ਉਤਸ਼ਾਹਤ ਕੀਤਾ। ਦੁਪਹਿਰ ਦਾ ਅੰਤਿਮ ਸੈਸ਼ਨ ਲਾਲਾ ਲਾਜਪਤ ਰਾਏ ਮੈਮੋਰੀਅਲ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਤਕਨਾਲੋਜੀ ਢੁੱਡੀਕੇ ਦੇ ਪ੍ਰਿੰਸੀਪਲ ਡਾ. ਅਜੇ ਕੁਮਾਰ ਦੀ ਅਗਵਾਈ ਹੇਠ ਹੋਇਆ। ਉਨ੍ਹਾਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ‘ਪ੍ਰਭਾਵਸ਼ਾਲੀ ਸੰਚਾਰ ਰਣਨੀਤੀਆਂ’ ਬਾਰੇ ਸੰਬੋਧਨ ਕੀਤਾ। ਉਨ੍ਹਾਂ ਦੀ ਪੇਸ਼ਕਾਰੀ ਨੇ ਵਿਦਿਆਰਥੀਆਂ ਨੂੰ ਸੰਚਾਰ ਦੀ ਸ਼ਕਤੀ ਨੂੰ ਸਮਝਣ ਵਿੱਚ ਮਦਦ ਕੀਤੀ ਅਤੇ ਰੋਜ਼ਾਨਾ ਜੀਵਨ ਲਈ ਵਿਹਾਰਕ ਸੁਝਾਅ ਦਿੱਤੇ। ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਸਕੂਲ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ।