ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵੱਲੋਂ ਖੇਤੀਬਾੜੀ ਵਿਭਾਗ ਅਤੇ ਸੀਆਈਆਈ ਫਾਊਡੇਸ਼ਨ ਦੇ ਸਹਿਯੋਗ ਨਾਲ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਲਵਲੀਨ ਬੈਂਸ ਨੇ ਨੇੜਲੇ ਪਿੰਡ ਦਹੇੜੂ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਹਿੱਤ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਦੇ ਨੁਕਸਾਨ ਅਤੇ ਵਾਤਾਵਰਣ ਸੰਭਾਲ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਰੁਪਿੰਦਰ ਕੌਰ, ਪ੍ਰਿੰਸੀਪਲ ਡਾ.ਸਰਵਜੀਤ ਕੌਰ ਬਰਾੜ ਅਤੇ ਐਡਵੋਕੇਟ ਅਭੈ ਬੈਕਟਰ ਨੇ ਵਿਦਿਆਰਥੀਆਂ ਦੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਐਸਡੀਐਮ ਡਾ.ਬਲਜਿੰਦਰ ਸਿੰਘ ਢਿੱਲੋਂ, ਖੇਤੀਬਾੜੀ ਅਫ਼ਸਰ ਗੁਰਦੀਪ ਸਿੰਘ ਅਤੇ ਹਰਪੁਨੀਤ ਕੌਰ ਨੇ ਕਿਸਾਨਾਂ ਨੂੰ ਫਸਲਾਂ ਦੀ ਸਿੱਧੀ ਬਿਜਾਈ ਅਤੇ ਖਾਦਾਂ ਦੀ ਵਰਤੋਂ ਕਰਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤਾਂ ਜੋ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਸਾੜਨ ਨਾਲ ਜਿੱਥੇ ਵਾਤਾਵਰਣ ਵਿਚ ਵਿਗਾੜ ਪੈਂਦਾ ਹੈ ਉੱਥੇ ਹੀ ਧਰਤੀ ਵਿਚਲੇ ਫਸਲਾਂ ਲਈ ਲਾਭਦਾਇਕ ਕੀੜੇ ਵੀ ਨਸ਼ਟ ਹੋ ਜਾਂਦੇ ਹਨ ਜਿਸ ਦਾ ਮਾੜਾ ਪ੍ਰਭਾਵ ਸਾਡੀ ਫਸਲ ’ਤੇ ਪੈਂਦਾ ਹੈ। ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਹਮੇਸ਼ਾਂ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਪਰਾਲੀ ਸਾੜਨ ਤੋਂ ਗੁਰੇਜ਼ ਕਰਕੇ ਬਹੁਮੁੱਲੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਵਿਚ ਯੋਗਦਾਨ ਪਾਉਣ ਅਤੇ ਮਨੁੱਖਤਾ ਲਈ ਪੈਦਾ ਹੋਣ ਵਾਲੇ ਖਤਰੇ ਵਿਰੁੱਧ ਵਿੱਢੀ ਲੜਾਈ ਵਿਚ ਯੋਗਦਾਨ ਪਾਉਣ ਵਾਲੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਸਨਮਾਨਿਤ ਕੀਤਾ। ਸਰਤਾਜ ਸਿੰਘ, ਨਵਜੋਤ ਕੌਰ ਅਤੇ ਸਨਦੀਪ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਥਾਂ ਨਵੀਆਂ ਇਜ਼ਾਦ ਕੀਤੀਆਂ ਖੇਤੀਬਾੜੀ ਮਸ਼ੀਨਾਂ ਨਾਲ ਸੁਚੱਜੀ ਸੰਭਾਲ ਕਰਨ।