ਸੱਪ ਦੇ ਜ਼ਹਿਰ ਤੋਂ ਬਚਾਅ ਬਾਰੇ ਜਾਗਰੂਕ ਕੀਤਾ
ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵੱਲੋਂ ਐੱਸਐੱਮਓ ਡਾ. ਸੁਦੀਪ ਸਿੱਧੂ ਦੀ ਅਗਵਾਈ ਹੇਠ ਕੌਮਾਂਤਰੀ ਸਨੇਕ ਬਾਈਟ ਦਿਵਸ ’ਤੇ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਸੱਪ ਦੇ ਡੰਗਣ ਮੌਕੇ ਕੀਤੇ ਜਾਣ ਵਾਲੇ ਉਪਾਵਾਂ ਸਬੰਧੀ ਜਾਗਰੂਕ ਕੀਤਾ। ਡਾ. ਸਿੱਧੂ ਨੇ ਕਿਹਾ ਕਿ ਸੱਪ ਦੇ ਡੰਗਣ ’ਤੇ ਘਬਰਾਉਣਾ ਨਹੀਂ ਚਾਹੀਦਾ ਸਗੋਂ ਮਰੀਜ ਨੂੰ ਸ਼ਾਂਤ ਰੱਖਣਾ, ਪ੍ਰਭਾਵਿਤ ਅੰਗ ਨੂੰ ਹਿਲਾਉਣ ਤੋਂ ਬਚਾਉਣਾ ਤੇ ਜਲਦੀ ਤੋਂ ਜਲਦੀ ਨੇੜਲੇ ਸਰਕਾਰੀ ਹਸਪਤਾਲ ਜਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਸਰਕਾਰੀ ਹਸਪਤਾਲਾਂ ’ਚ ਸੱਪ ਦੇ ਡੰਗਣ ਦਾ ਇਲਾਜ ਤੇ ਐਂਟੀ ਵੈਨਮ ਟੀਕੇ ਮੁਫਤ ਉਪਬਲਧ ਹਨ। ਇਸ ਤੋਂ ਇਲਾਵਾ ਘਰੇਲੂ ਨੁਸਖਿਆਂ, ਨੀਮ ਹਕੀਮਾਂ ਤੋਂ ਇਲਾਜ, ਜ਼ਖ਼ਮ 'ਤੇ ਕੱਟ ਲਗਾਉਣਾ ਤੇ ਮਿਰਚਾਂ ਦੀ ਵਰਤੋਂ, ਖੂਨ ਨੂੰ ਚੂਸਣਾ ਜਾਂ ਬੰਨਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ ਪਰ ਫਿਰ ਵੀ ਸੱਪ ਦੇ ਡੰਗਣ ਤੋਂ ਬਾਅਦ ਡਾਕਟਰੀ ਸਹਾਇਤਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਘਰ ਦੇ ਅੰਦਰ ਜਾਂ ਆਲੇ-ਦੁਆਲੇ ਕਬਾੜ, ਕੂੜੇ ਦੇ ਢੇਰ, ਟੁੱਟਿਆ ਫਰਨੀਚਰ ਆਦਿ ਜਮ੍ਹਾਂ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ ਹਨੇਰੇ ਵਾਲੀਆ ਥਾਵਾਂ ’ਤੇ ਜਾਣ ਵੇਲੇ ਬੂਟ ਪਾ ਕੇ ਨਾਲ ਸਟਿੱਕ ਜ਼ਰੂਰ ਰੱਖਣੀ ਚਾਹੀਦੀ ਹੈ ਅਤੇ ਖੜਕਾ ਕਰਦੇ ਜਾਣਾ ਚਾਹੀਦਾ ਹੈ। ਰਾਤ ਨੂੰ ਫਰਸ਼ ’ਤੇ ਨਹੀਂ ਸੌਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸੱਪਣ ਦੇ ਡੰਗਣ ਤੇ ਸਾਹ ਲੈਣ ’ਚ ਤਕਲੀਫ, ਮਾਸਪੇਸ਼ੀਆਂ ਦਾ ਲਕਵਾ, ਬੋਲਣ ਜਾ ਨਿਗਲਣ ’ਚ ਮੁਸ਼ਕਿਲ ਹੋ ਸਕਦੀ ਹੈ। ਇਸ ਸਮੇਂ ਗੁਰਦੀਪ ਸਿੰਘ, ਅਰੁਣਦੀਪ ਕੌਰ, ਪਰਮਜੀਤ ਕੌਰ ਤੇ ਜਗਦੀਪ ਸਿੰਘ ਹਾਜ਼ਰ ਸਨ।