ਰਾਏਪੁਰ ’ਚ ਪਰਾਲੀ ਨਾ ਸਾੜਨ ਲਈ ਜਾਗਰੂਕਤਾ ਕੈਂਪ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ ਦੀਆਂ ਹਦਾਇਤਾਂ ਅਨੁਸਾਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਉਪਰਾਲੇ ਤਹਿਤ ਇਥੋਂ ਦੇ ਨੇੜਲੇ ਪਿੰਡ ਰਾਏਪੁਰ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਲਈ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਰਵਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪਾਣੀ ਦੀ ਬਚਤ ਕਰਨਾ ਤੇ ਜ਼ਮੀਨ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਡਾ. ਸਿਰਤਾਜ ਸਿੰਘ, ਡਾ. ਰਵਿੰਦਰ ਸਿੰਘ, ਡਾ. ਨਵਜੋਤ ਕੌਰ ਤੇ ਡਾ. ਹਰਪੁਨੀਤ ਕੌਰ ਨੇ ਪਰਾਲੀ ਸਾੜਨ ਦੇ ਨੁਕਸਾਨ ਤੇ ਖੇਤਾਂ ਵਿਚ ਮਸ਼ੀਨਰੀ ਰਾਹੀਂ ਪਰਾਲੀ ਮਿਲਾਉਣ ਦੇ ਫਾਇਦੇ ਦੱਸੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਨਾਲ ਮਨੁੱਖੀ ਸਿਹਤ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਹ ਸਾਡੇ ਬੱਚਿਆਂ ਅਤੇ ਆਉਣ ਵਾਲੀਆਂ ਨਸਲਾਂ ਲਈ ਵੱਡਾ ਖ਼ਤਰਾ ਹੈ ਇਸ ਲਈ ਸੁਪਰਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ ਅਤੇ ਹੈਦੀ ਸੀਡਰ ਆਦਿ ਦੀ ਵਰਤੋਂ ਕਰ ਕੇ ਪਰਾਲੀ ਖੇਤਾਂ ਵਿਚ ਮਿਲਾਈ ਜਾਵੇ, ਜਿਸ ਨਾਲ ਮਿੱਟੀ ਦੀ ਸਿਹਤ ਵਿਚ ਵਾਧਾ ਹੁੰਦਾ ਹੈ, ਵਾਤਾਵਰਨ ਪ੍ਰਦੂਸ਼ਣ ਵੀ ਪੈਦਾ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਫ਼ਸਲਾਂ ਦਾ ਵੱਧ ਝਾੜ ਲੈਣ ਲਈ ਫਸਲ ਹਮੇਸ਼ਾ ਵਿਗਿਆਨਕ ਤਕਨੀਕ ਨਾਲ ਬੀਜਣੀ ਚਾਹੀਦੀ ਹੈ। ਅਧਿਕਾਰੀਆਂ ਨੇ ਪਰਾਲੀ ਦੀ ਸਾਂਭ ਸੰਭਾਲ ਦੇ ਤਕਨੀਕੀ ਨੁਕਤੇ ਵੀ ਕਿਸਾਨਾਂ ਨਾਲ ਸਾਂਝੇ ਕੀਤੇ। ਡਾ. ਨਵਜੋਤ ਕੌਰ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੀ ਗੁਣਵੱਤਾ, ਢੰਗ ਤੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂੰ ਕਰਵਾਇਆ। ਡਾ. ਸਿਰਤਾਜ ਸਿੰਘ ਨੇ ਕਿਸਾਨਾਂ ਨੂੰ ਝੋਨੇ ਵਿਚ ਵੱਖ-ਵੱਖ ਬਿਮਾਰੀਆਂ ਅਤੇ ਕੀਟਾਂ ਦੀ ਰੋਕਥਾਮ ਬਾਰੇ ਜਾਣੂੰ ਕਰਵਾਇਆ। ਅੰਤ ਵਿਚ ਖੇਤ ਵਿਚ ਉਲਟਾਵੇ ਹੱਲ ਦੀ ਵਰਤੋਂ ਦੀ ਪ੍ਰਦਰਸ਼ਨੀ ਕਰਦਿਆਂ ਪੈਫਲੇਟ ਵੰਡੇ ਗਏ। ਇਸ ਮੌਕੇ ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਨਪ੍ਰੀਤ ਸਿੰਘ ਹਾਜ਼ਰ ਸਨ।