ਪਿੰਡ ਰੌਣੀ ’ਚ ਪਰਾਲੀ ਨਾ ਸਾੜਨ ਬਾਰੇ ਜਾਗਰੂਕਤਾ ਕੈਂਪ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਖੰਨਾ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ. ਗੁਰਦੀਪ ਸਿੰਘ ਦੀਆਂ ਹਿਦਾਇਤਾਂ ਅਤੇ ਖੇਤੀਬਾੜੀ ਅਫਸਰ ਡਾ ਰਮਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਲਈ ਪਿੰਡ ਰੌਣੀ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਤਹਿਤ ਖੇਤੀਬਾੜੀ ਵਿਕਾਸ ਅਫ਼ਸਰ ਡਾ. ਸਿਰਤਾਜ ਸਿੰਘ, ਡਾ ਨਵਜੋਤ ਕੌਰ, ਡਾ. ਹਰਪੁਨੀਤ ਕੌਰ, ਖੇਤੀਬਾੜੀ ਵਿਸਥਾਰ ਅਫਸਰ ਡਾ. ਮਨਿੰਦਰ ਸਿੰਘ ਵੱਲੋਂ ਪਾਰਲੀ ਸਾੜਨ ਦੇ ਨੁਕਸਾਨ ਤੇ ਖੇਤਾਂ ’ਚ ਪਰਾਲੀ ’ਚ ਮਸ਼ੀਨਰੀ ਰਾਹੀਂ ਮਿਲਾਉਣ ਦੇ ਫਾਇਦੇ ਦੱਸੇ ਗਏ। ਏ ਡੀ ਓ ਡਾ. ਹਰਪੁਨੀਤ ਕੌਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਨਾਲ ਮਨੁੱਖੀ ਸਿਹਤ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ ਇਸ ਲਈ ਪਰਾਲੀ ਸਾੜਨ ਦੀ ਥਾਂ ਸੁਪਰਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ ਤੇ ਹੈਪੀ ਸੀਡਰ ਆਦਿ ਦੀ ਵਰਤੋਂ ਨਾਲ ਪਰਾਲੀ ਖੇਤਾਂ ’ਚ ਮਿਲਾਈ ਜਾਵੇ। ਜਿਸ ਨਾਲ ਮਿੱਟੀ ਦੀ ਸਿਹਤ ’ਚ ਵਾਧਾ ਹੁੰਦਾ ਹੈ, ਵਾਤਾਵਰਣ ਪ੍ਰਦੂਸ਼ਿਤ ਨਹੀਂ ਹੁੰਦਾ। ਡਾ. ਸਿਰਤਾਜ ਸਿੰਘ ਨੇ ਕਿਸਾਨਾਂ ਨੂੰ ਝੋਨੇ ਵਿੱਚ ਵੱਖ-ਵੱਖ ਬਿਮਾਰੀਆ ਅਤੇ ਕੀਟਾਂ ਦੀ ਰੋਕਥਾਮ ਬਾਰੇ ਜਾਣੂ ਕਰਵਾਇਆ। ਡਾ. ਨਵਜੋਤ ਕੌਰ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੀ ਗੁਣਵੱਤਾ, ਢੰਗ ਤੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਅਮਨਦੀਪ ਸਿੰਘ ਏਟੀਐਮ, ਹਰਬੰਸ ਸਿੰਘ ਐੱਲ ਏ, ਸਰਪੰਚ, ਪੰਚਾਇਤ ਮੈਂਬਰ ਅਤੇ ਕਿਸਾਨ ਹਾਜ਼ਰ ਸਨ।