ਆਊਡੀ ਚਾਲਕ ਨੇ ਚਾਰ ਨੂੰ ਦਰੜਿਆ; ਇੱਕ ਹਲਾਕ
ਸਤਵਿੰਦਰ ਬਸਰਾ
ਲੁਧਿਆਣਾ, 29 ਜੂਨ
ਇੱਥੋਂ ਦੇ ਭਾਮੀਆ ਖੁਰਦ ਰੋਡ ’ਤੇ ਅੱਜ ਸਵੇਰੇ ਇੱਕ ਤੇਜ਼ ਰਫਤਾਰ ਆਉਡੀ ਕਾਰ ਦੇ ਚਾਲਕ ਨੇ ਚਾਰ ਲੋਕਾਂ ਨੂੰ ਦਰੜ ਦਿੱਤਾ ਜਿਨ੍ਹਾਂ ’ਚੋਂ ਇੱਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੋਕਾਂ ਅਨੁਸਾਰ ਕਾਰ ਚਾਲਕ ਨੇ ਨਸ਼ਾ ਕੀਤਾ ਹੋਇਆ ਸੀ। ਪੁਲੀਸ ਨੇ ਕਾਰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਤਵਾਰ ਸਵੇਰੇ ਭਾਮੀਆਂ ਰੋਡ ’ਤੇ ਪੈਂਦੇ ਜੀਕੇ ਅਸਟੇਟ ਇਲਾਕੇ ’ਚ ਉਸ ਸਮੇਂ ਮਾਹੌਲ ਦਹਿਸ਼ਤ ਅਤੇ ਡਰ ਵਾਲਾ ਬਣ ਗਿਆ ਜਦੋਂ ਤੇਜ਼ ਰਫਤਾਰ ਆਉਡੀ ਕਾਰ ਦੇ ਚਾਲਕ ਨੇ ਸੜਕ ’ਤੇ ਜਾਂਦੇ ਕੁਲਚਿਆਂ ਦੀ ਰੇਹੜੀ ਲਾਉਣ ਵਾਲੇ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰੇਹੜੀ ਵਾਲਾ ਕਈ ਫੁੱਟ ਦੂਰ ਜਾ ਕੇ ਡਿੱਗਿਆ ਤੇ ਉਸ ਨੂੰ ਇੰਨੀ ਡੂੰਘੀ ਸੱਟ ਲੱਗੀ ਕਿ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਰੇਹੜੀ ਵਿੱਚ ਟਕਰਾਉਣ ਮਗਰੋਂ ਬੇਕਾਬੂ ਹੋਈ ਕਾਰ ਅੱਗੇ ਜਾਂਦੇ ਮੋਟਰਸਾਈਕਲ ਵਿੱਚ ਵੱਜੀ ਜਿਸ ਦਾ ਸਵਾਰ ਇਸ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਹੈ।
ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਆਉਡੀ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਰੇਹੜੀ ਵਿੱਚ ਟੱਕਰ ਵੱਜਣ ਕਾਰਨ ਰੇਹੜੀ ਬੁਰੀ ਤਰ੍ਹਾਂ ਟੁੱਟ ਗਈ ਤੇ ਸਾਰਾ ਸਾਮਾਨ ਸੜਕ ’ਤੇ ਖਿੱਲਰ ਗਿਆ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਕਾਰ ਸਵਾਰ ਨਸ਼ੇ ਵਿੱਚ ਚਲਾ ਰਿਹਾ ਸੀ ਜਿਸ ਕਰਕੇ ਗੱਡੀ ਉਸ ਦੇ ਕਾਬੂ ਤੋਂ ਬਾਹਰ ਹੋ ਗਈ। ਲੋਕਾਂ ਨੇ ਕਾਰ ਚਾਲਕ ਨੂੰ ਫੜ ਵੀ ਲਿਆ ਸੀ, ਪਰ ਇੱਕ ਹੋਰ ਕਾਰ ਵਾਲੇ ਨੇ ਉਸ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਤੇ ਦੋਵੇਂ ਮੌਕੇ ’ਤੋਂ ਫਰਾਰ ਹੋ ਗਏ। ਇਸ ਦੌਰਾਨ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਏਐੱਸਆਈ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚੀ ਜਾਰ ਹੀ ਹੈ। ਇੱਕ ਹੋਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲੇ ਦੀ ਪਛਾਣ ਪ੍ਰੇਮ ਸ਼ਾਹ ਵਜੋਂ ਹੋਈ ਹੈ ਜਦਕਿ ਇੱਕ ਮੋਟਰਸਾਈਕਲ ਸਵਾਰ ਤੇ ਦੋ ਐਕਟਿਵਾ ਸਵਾਰ ਵੀ ਇਸ ਹਾਦਸੇ ਵਿੱਚ ਜ਼ਖਮੀ ਹੋਏ ਹਨ, ਜੋ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਟੱਕਰ ਮਾਰਨ ਵਾਲੀ ਗੱਡੀ ਦਾ ਨੰਬਰ ਚੰਡੀਗੜ੍ਹ ਦਾ ਹੈ। ਮੁੱਢਲੀ ਘੋਖ ਤੋਂ ਪਤਾ ਲੱਗਿਆ ਹੈ ਕਿ ਗੱਡੀ ਦਾ ਮਾਲਕ ਭੂਖੜੀ ਦਾ ਰਹਿਣ ਵਾਲਾ ਹੈ।