ਸਬਜ਼ੀ ਮੰਡੀ ’ਚ ਕੂੜੇ ਨੂੰ ਅੱਗ ਲਾ ਕੇ ਖਤਮ ਕਰਨ ਦੀ ਕੋਸ਼ਿਸ਼
ਅੱਜ ਇਥੋਂ ਦੇ ਅਮਲੋਹ ਰੋਡ ਸਥਿਤ ਸਬਜ਼ੀ ਮੰਡੀ ਖੰਨਾ ’ਚ ਲੱਗੇ ਕੂੜੇ ਦੇ ਢੇਰਾਂ ਨੂੰ ਅੱਗ ਲਗਾ ਕੇ ਖ਼ਤਮ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਜੋ ਇਸ ਨੂੰ ਚੁੱਕਣਾ ਨਾ ਪਵੇ ਅਤੇ ਕਿਸੇ ਤਰ੍ਹਾਂ ਦੀ ਢੋਆ ਢੁਆਈ ਦੇ ਖ਼ਰਚ ਨੂੰ ਬਚਾਇਆ ਜਾ ਸਕੇ ਤੇ ਮੰਡੀ ’ਚ ਲੱਗੇ ਗੰਦਗੀ ਦੇ ਢੇਰਾਂ ਕਰਕੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ। ਦੱਸਣਯੋਗ ਹੈ ਕਿ ਬੀਤੇ ਦਿਨ ਪੰਜਾਬੀ ਟ੍ਰਿਬਿਊਨ ਵੱਲੋਂ ਸਬਜ਼ੀ ਮੰਡੀ ਦੇ ਮਾੜੇ ਹਾਲਾਤਾਂ ਸਬੰਧੀ ਖ਼ਬਰ ਲਗਾਈ ਗਈ ਸੀ, ਜਿਸ ਦਾ ਅਸਰ ਇਹ ਦੇਖਣ ਨੂੰ ਮਿਲਿਆ ਕਿ ਸਬਜ਼ੀ ਮੰਡੀ ਦਾ ਇਹ ਕੂੜਾ ਤਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਚੁੱਕਵਾਇਆ ਨਹੀਂ ਗਿਆ ਪਰ ਇਸ ਨੂੰ ਖ਼ਤਮ ਕਰਨ ਲਈ ਅੱਗ ਲਾਉਣ ਦਾ ਤੋੜ ਲੱਭਿਆ ਗਿਆ। ਇਸ ਅੱਗ ਲੱਗਣ ਨਾਲ ਪ੍ਰਦੂਸ਼ਣ ਵੀ ਪੈਦਾ ਹੋਇਆ, ਜਿਸ ਦਾ ਖਮਿਆਜ਼ਾ ਆਲੇ ਦੁਆਲੇ ਦੇ ਲੋਕਾਂ ਨੂੰ ਭੁਗਤਣਾ ਪਿਆ। ਇਸ ਸਬੰਧੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਦੇਰ ਸ਼ਾਮ ਤੱਕ ਪਤਾ ਨਹੀਂ ਲੱਗਿਆ। ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ ਨੇ ਕਿਹਾ ਕਿ ਕੂੜੇ ਨੂੰ ਅੱਗ ਲੱਗਣ ਸਬੰਧੀ ਉਨ੍ਹਾਂ ਦੇ ਧਿਆਨ ’ਚ ਮਾਮਲਾ ਹੁਣ ਆਇਆ ਹੈ ਤੇ ਉਹ ਪਤਾ ਕਰਵਾਉਣਗੇ ਕਿ ਇਹ ਅੱਗ ਕਿਸੇ ਨੇ ਲਗਾਈ ਜਾਂ ਕਿਵੇ ਲੱਗੀ ਹੈ?
