ਸੁਨਿਆਰੇ ਦੀ ਦੁਕਾਨ ’ਤੇ ਹਮਲਾ
ਕਾਕੋਵਾਲ ਰੋਡ ’ਤੇ ਸਥਿਤ ਮਸ਼ਹੂਰ ਗਹਿਣਿਆਂ ਦੀ ਦੁਕਾਨ ’ਤੇ ਕੁੱਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਦੁਕਾਨ ਦੇ ਬਾਹਰੋਂ ਭੰਨ-ਤੋੜ ਸ਼ੁਰੂ ਕਰ ਦਿੱਤੀ ਤੇ ਅੰਦਰ ਤੱਕ ਦੁਕਾਨ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਅੰਦਰ ਬੈਠੇ ਇੱਕ ਬਜ਼ੁਰਗ ਵਿਅਕਤੀ ਦੀ ਸੋਨੇ ਦੀ ਚੇਨ ਵੀ ਖੋਹ ਲਈ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਦੇ ਮਾਲਕ ਦਾ ਦੋ ਨੌਜਵਾਨਾਂ ਨਾਲ ਮਾਮੂਲੀ ਗੱਲ ’ਤੇ ਝਗੜਾ ਹੋਇਆ ਸੀ। ਕੁਝ ਸਮੇਂ ਬਾਅਦ ਦੋਵੇਂ ਨੌਜਵਾਨ ਆਪਣੇ ਦੋਸਤਾਂ ਨਾਲ ਵਾਪਸ ਆਏ ਤੇ ਹਮਲਾ ਕਰ ਦਿੱਤਾ। ਸਾਰੀ ਘਟਨਾ ਅੰਦਰ ਅਤੇ ਬਾਹਰ ਲੱਗੇ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ। ਸੂਚਨਾ ਮਿਲਣ ’ਤੇ ਬਸਤੀ ਜੋਧੇਵਾਲ ਥਾਣੇ ਦੀ ਪੁਲੀਸ ਮੌਕੇ ’ਤੇ ਪਹੁੰਚੀ। ਧੀਰ ਦੀ ਹੱਟੀ ਦੇ ਮਾਲਕ ਮਹਿੰਦਰਪਾਲ ਧੀਰ ਨੇ ਦੱਸਿਆ ਕਿ ਕੁਝ ਨੌਜਵਾਨ ਦੁਕਾਨ ’ਤੇ ਕੁਝ ਸਾਮਾਨ ਦੇਖਣ ਆਏ ਸਨ। ਉਨ੍ਹਾਂ ਕੋਲ ਸਾਮਾਨ ਨਹੀਂ ਸੀ, ਇਸ ਕਰਕੇ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ। ਇਸ ਦੌਰਾਨ ਹੀ ਉਨ੍ਹਾਂ ਦੋਵਾਂ ਦੇ ਨਾਲ ਉਨ੍ਹਾਂ ਦੀ ਹਲਕੀ ਬਹਿਸ ਹੋ ਗਈ। ਪਹਿਲਾਂ ਸਥਿਤੀ ਸ਼ਾਂਤ ਹੋ ਗਈ ਸੀ, ਪਰ ਥੋੜ੍ਹੀ ਦੇਰ ਬਾਅਦ ਨੌਜਵਾਨ ਆਪਣੇ ਦੋਸਤਾਂ ਨਾਲ ਦੁਕਾਨ ’ਤੇ ਵਾਪਸ ਆ ਗਏ। ਹਮਲਾਵਰ ਦੁਕਾਨ ਵਿੱਚ ਦਾਖਲ ਹੋਏ ਅਤੇ ਉਨ੍ਹਾਂ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਸ ਦੇ ਪੁੱਤਰ ਅਜੈ ਧੀਰ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਦੁਕਾਨ ਦੇ ਅੰਦਰ ਅਤੇ ਬਾਹਰ ਭੰਨਤੋੜ ਕੀਤੀ। ਜ਼ਖ਼ਮੀ ਨੂੰ ਤੁਰੰਤ ਇਲਾਜ ਲਈ ਲੁਧਿਆਣਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਨੇੜਲੇ ਦੁਕਾਨਦਾਰਾਂ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਜਾਂਚ ਅਧਿਕਾਰੀ ਏ ਐੱਸ ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸ਼ਿਕਾਇਤ ਮਿਲੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
