ਗੁਰੂ ਨਾਨਕ ਸਕੂਲ ’ਚ ਅਥਲੈਟਿਕ ਮੀਟ ਸਮਾਪਤ
ਇਥੋਂ ਦੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਈਸਟ ਅਧੀਨ ਦੋ ਰੋਜ਼ਾ ਅਥਲੈਟਿਕਸ ਮੀਟ-2025 ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ। ਇਸ ਵਿੱਚ ਵੱਖ-ਵੱਖ 16 ਸਕੂਲਾਂ ਦੇ 180 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਰੁਪਿੰਦਰ ਕੌਰ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਡੀ ਪੀ ਠਾਕੁਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਸ ਦੌਰਾਨ ਅੰਡਰ-14 ਅਤੇ ਅੰਡਰ-17 ਲੜਕਿਆਂ ਦੀਆਂ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ, 800 ਮੀਟਰ, 80 ਮੀਟਰ ਹਰਡਲ, 110 ਮੀਟਰ ਹਰਡਲ, ਲੰਬੀ ਛਾਲ, 100 ਮੀਟਰ ਰਿਲੇਅ ਦੌੜਾਂ ਕਰਵਾਈਆਂ ਗਈਆਂ। ਇਨ੍ਹਾਂ ਦੋ ਦਿਨਾਂ ਮੁਕਾਬਲਿਆਂ ਵਿੱਚ ਸੰਤ ਈਸ਼ਰ ਸਿੰਘ ਸਕੂਲ ਰਾੜਾ ਸਾਹਿਬ ਨੇ ਪਹਿਲਾ, ਗੁਰੂ ਨਾਨਕ ਮਾਡਲ ਸਕੂਲ ਦੋਰਾਹਾ ਨੇ ਦੂਜਾ ਅਤੇ ਗਾਰਡਨ ਵੈਲੀ ਇੰਟਰ ਨੈਸ਼ਨਲ ਸਕੂਲ ਮਾਛੀਵਾੜਾ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। ਮੁੱਖ ਮਹਿਮਾਨ ਰੁਪਿੰਦਰ ਕੌਰ ਬਰਾੜ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਉਨ੍ਹਾਂ ਕਿਹਾ ਕਿ ਖਿਡਰੀਆਂ ਦਾ ਦ੍ਰਿੜ ਸੰਕਲਪ ਅਤੇ ਖੇਡ ਪ੍ਰਤੀ ਲਗਨ ਉਨ੍ਹਾਂ ਨੂੰ ਭਵਿੱਖ ਵਿਚ ਅਗਾਂਹ ਵੱਧਣ ਵਿਚ ਸਹਾਇਕ ਸਿੱਧ ਹੋਵੇਗੀ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਡਾ. ਪਵਿੱਤਰਪਾਲ ਸਿੰਘ ਪਾਂਗਲੀ, ਇੰਦਰ ਸਿੰਘ, ਹਰਜੀਵਨਪਾਲ ਸਿੰਘ ਗਿੱਲ ਅਤੇ ਰਵਿੰਦਰ ਸਿੰਘ ਮਲਹਾਂਸ ਨੇ ਕਿਹਾ ਕਿ ਖਿਡਾਰੀਆਂ ਵਿਚਲੀ ਸਖ਼ਤ ਅਨੁਸ਼ਾਸ਼ਨ ਦੀ ਭਾਵਨਾ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਸਫਲਤਾ ਦੇ ਸਿਖ਼ਰ ਤੱਕ ਪਹੁੰਚਣ ਵਿਚ ਮਦਦ ਕਰੇਗੀ। ਪ੍ਰਿੰਸੀਪਲ ਠਾਕੁਰ ਨੇ ਕਿਹਾ ਕਿ ਇਨ੍ਹਾਂ ਖੇਡਾਂ ਦੁਆਰਾ ਹੀ ਵਿਦਿਆਰਥੀਆਂ ਵਿੱਚ ਸਦਭਾਵਨਾ ਅਤੇ ਨੇਕ ਨੀਅਤੀ ਵਰਗੇ ਨੈਤਿਕ ਗੁਣ ਪੈਦਾ ਹੁੰਦੇ ਹਨ।
