ਲੁੱਟ-ਖੋਹ ਕਰਨ ਆਏ ਮੋਟਰਸਾਈਕਲ ਸਵਾਰ ਚੜ੍ਹੇ ਲੋਕਾਂ ਦੇ ਹੱਥੇ
ਇਥੇ ਸਨਅਤੀ ਸ਼ਹਿਰ ਦੇ ਟਰਾਂਸਪੋਰਟ ਨਗਰ ਇਲਾਕੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੇ ਇੱਕ ਰਾਹਗੀਰ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਰਾਹਗੀਰਾਂ ਨੇ ਮੋਟਰਸਾਈਕਲ ਸਵਾਰਾਂ ਨੂੰ ਹੇਠਾਂ ਖਿੱਚ ਲਿਆ। ਦੋਵਾਂ ਦੀ ਕੁੱਟਮਾਰ ਕੀਤੀ ਤੇ ਪੁਲੀਸ ਹਵਾਲੇ ਕੀਤਾ। ਪੁਲੀਸ ਥਾਣਾ ਮੋਤੀ ਨਗਰ ਦੀ ਪੁਲੀਸ ਨੇ ਦੋਵਾਂ ਦੇ ਕਬਜ਼ੇ ਵਿੱਚੋਂ ਨਸ਼ੀਲੇ ਟੀਕੇ ਬਰਾਮਦ ਕੀਤੇ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਇੱਕ ਟਰੱਕ ਡਰਾਈਵਰ ਆਪਣੀ ਮੋਟਰ ਸਾਈਕਲ ’ਤੇ ਟਰਾਂਸਪੋਰਟ ਨਗਰ ਇਲਾਕੇ ਵਿੱਚ ਕਿਸੇ ਕੰਮ ਲਈ ਜਾ ਰਿਹਾ ਸੀ। ਇਸ ਦੌਰਾਨ ਦੋ ਲੁਟੇਰੇ ਉਸਦਾ ਮੋਬਾਈਲ ਫੋਨ ਅਤੇ ਉਸਦੀ ਜੇਬ ਵਿੱਚੋਂ 15,000 ਰੁਪਏ ਖੋਹ ਕੇ ਲੈ ਗਏ। ਪੀੜਤ ਨੂੰ ਲੁੱਟਣ ਦੇ ਦੋਵੇਂ ਮੁਲਜ਼ਮ ਸ਼ੇਰਪੁਰ ਚੌਕੀ ਵੱਲ ਭੱਜੇ। ਡਰਾਈਵਰ ਨੇ ਵੀ ਆਪਣੇ ਮੋਟਰਸਾਈਕਲ ’ਤੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਰੌਲਾ ਪਾਇਆ। ਰੌਲਾ ਸੁੱਣ ਕੇ ਟਰਾਂਸਪੋਰਟ ਨਗਰ ਵਿੱਚ ਹੀ ਲੋਕਾਂ ਨੇ ਦੋਵਾਂ ਮੁਲਜ਼ਮਾਂ ਨੂੰ ਚਲਦੇ ਮੋਟਰਸਾਈਕਲ ਤੋਂ ਹੀ ਖਿੱਚ ਲਿਆ। ਲੋਕਾਂ ਨੇ ਦੋਵਾਂ ਦਾ ਚੰਗਾ ਕੁਟਾਪਾ ਚਾੜ੍ਹਿਆ ਤੇ ਪੁਲੀਸ ਨੂੰ ਸੂਚਨਾ ਦਿੱਤੀ। ਪਹਿਲਾਂ ਦੋਵੇਂ ਲੁੱਟ-ਖੋਹ ਕਰਨ ਦੀ ਗੱਲ ਤੋਂ ਮੁਕਰਦੇ ਰਹੇ ਪਰ ਬਾਅਦ ਵਿੱਚ ਤਲਾਸ਼ੀ ਵਿੱਚ ਉਨ੍ਹਾਂ ਦੀਆਂ ਜੇਬਾਂ ਵਿੱਚ ਮੋਬਾਈਲ ਫੋਨ ਅਤੇ ਪੈਸੇ ਮਿਲੇ। ਮੁਲਜ਼ਮਾਂ ਤੋਂ ਨਸ਼ੀਲੇ ਪਦਾਰਥਾਂ ਦੇ ਟੀਕੇ ਵੀ ਮਿਲੇ ਹਨ। ਸ਼ੱਕ ਹੈ ਕਿ ਉਨ੍ਹਾਂ ਨੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਤੋਂ ਬਾਅਦ ਚੋਰੀ ਕੀਤੀ ਸੀ। ਪੁਲੀਸ ਥਾਣਾ ਮੋਤੀ ਨਗਰ ਦੇ ਐੱਸ ਐੱਚ ਓ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।