ਮੀਟਿੰਗ ਰੱਦ ਹੋਣ ’ਤੇ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਵੱਲੋਂ ਰੋਸ ਮਾਰਚ
1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀ ਫਰੰਟ ਵੱਲੋਂ ਅੱਜ ਸੂਬਾ ਸਰਕਾਰ ਵਿਰੁੱਧ ਰੋਸ ਮਾਰਚ ਤੋਂ ਬਾਅਦ ਫੁਆਰਾ ਚੌਂਕ ਵਿੱਚ ਪੁਤਲਾ ਸਾੜ ਕੇ ਰੋਸ ਪ੍ਰਗਟਾਵਾ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਸਬ ਕਮੇਟੀ ਅਤੇ ਫਰੰਟ ਵਿਚਕਾਰ ਮੀਟਿੰਗ ਬਿਨਾਂ ਅਗਾਊਂ ਸੂਚਨਾ ਦੇ ਰੱਦ ਕਰਨ ਦੇ ਵਿਰੋਧ ਵਿੱਚ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਮੀਟਿੰਗ ਰੱਦ ਹੋਣ ਕਰਕੇ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ। ਫਰੰਟ ਦੀ ਅਗਵਾਈ ਵਿੱਚ ਵੱਡੀ ਗਿਣਤੀ ’ਚ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਦੁਪਹਿਰ ਬਾਅਦ 3 ਵਜੇ ਐਸ ਸੀ ਡੀ ਸਰਕਾਰੀ ਕਾਲਜ ਵਿਚ ਰੋਸ ਮਾਰਚ ਸ਼ੁਰੂ ਕੀਤਾ ਅਤੇ ਫੁਆਰਾ ਚੌਂਕ ਵਿੱਚ ਪਹੁੰਚ ਕੇ ਸੂਬਾ ਸਰਕਾਰ ਦਾ ਪੁਤਲਾ ਸਾੜ ਕੇ ਸਰਕਾਰ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ। ਪ੍ਰੋ. ਜਸਪ੍ਰੀਤ ਸਿਧੀਆਂ ਨੇ ਕਿਹਾ ਕਿ ਬੀਤੇ ਸੋਮਵਾਰ ਸੰਗਰੂਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਉਪਰੰਤ ਤਿੰਨ ਕੈਬਨਿਟ ਮੰਤਰੀਆਂ ਦੀ ਮੀਟਿੰਗ ਦਿੱਤੀ ਗਈ ਸੀ ਜਿਸ ਨੂੰ ਬਿਨਾਂ ਕਿਸੇ ਵਾਜਿਬ ਕਾਰਨ ਦੇ ਮੁਲਤਵੀ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ 1158 ਭਰਤੀ ਨੂੰ ਬਚਾਉਣ ਲਈ ਰੀਵਿਊ ਪਟੀਸ਼ਨ ਦਾਇਰ ਕਰਨ ਲਈ ਪਹਿਲਾਂ ਹੀ ਦੋ ਮਹੀਨੇ ਲੰਘਾ ਚੁੱਕੀ ਹੈ। ਹੁਣ ਵੀ ਇਸ ਮਸਲੇ ’ਤੇ ਸੁਹਿਰਦਤਾ ਨਾ ਦਿਖਾਉਣਾ ਸਰਕਾਰ ਦੀ ਬਦਨੀਤ ਨੂੰ ਦਰਸਾਉਂਦਾ ਹੈ। ਪ੍ਰੋ. ਬਲਜਿੰਦਰ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਖੂਹ ਖਾਤੇ ਸੁੱਟਣ ਦੀ ਪੂਰੀ ਤਿਆਰੀ ਚੱਲ ਰਹੀ ਹੈ। ਪ੍ਰੋ. ਗੁਰਜੰਟ ਸਿੰਘ ਨੇ ਕਿਹਾ ਕਿ ਬੀਤੇ ਸੋਮਵਾਰ ਮੁੱਖ ਮੰਤਰੀ ਦੀ ਕੋਠੀ ਮੂਹਰੇ ਕੀਤੇ ਘਿਰਾਓ ਦੌਰਾਨ 16 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮਹਿਲਾ ਸਾਥੀਆਂ ਨਾਲ ਧੱਕਾ ਮੁੱਕੀ ਕੀਤੀ ਗਈ, ਚੁੰਨੀਆਂ ਖਿੱਚੀਆਂ ਗਈਆਂ। ਇਸ ਉਪਰੰਤ ਲਗਾਤਾਰ ਸੰਘਰਸ਼ ਤੋਂ ਬਾਅਦ ਗ੍ਰਿਫਤਾਰ ਸਾਥੀਆਂ ਨੂੰ ਰਿਹਾਅ ਕੀਤਾ ਗਿਆ ਅਤੇ ਤਿੰਨ ਕੈਬਨਿਟ ਮੰਤਰੀਆਂ ਵਿੱਤ ਮੰਤਰੀ ਹਰਪਾਲ ਚੀਮਾ, ਅਮਨ ਅਰੋੜਾ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ 18 ਸਤੰਬਰ ਦੀ ਮੀਟਿੰਗ ਤੈਅ ਕੀਤੀ ਗਈ। ਇਹ ਮੀਟਿੰਗ ਬਿਨਾਂ ਕਾਰਨ ਰੱਦ ਕਰ ਦਿੱਤੀ ਗਈ ਜਿਸ ਅੱਜ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰੋ. ਪਰਮਜੀਤ ਸਿੰਘ ਨੇ ਕਿਹਾ ਕਿ ਜੇਕਰ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਬਚਾਉਣ ਲਈ ਸੁਪਰੀਮ ਕੋਰਟ ਵਿੱਚ ਰਿਵਿਊ ਫਾਈਲ ਨਹੀਂ ਕੀਤੀ ਜਾਂਦੀ ਤਾਂ 21 ਸਤੰਬਰ ਨੂੰ ਮੁੜ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਐਸ ਸੀ ਡੀ ਸਰਕਾਰੀ ਕਾਲਜ, ਜੀਜਸੀਜੀ ਸਰਕਾਰੀ ਕਾਲਜ, ਸਰਕਾਰੀ ਕਾਲਜ ਲੁਧਿਆਣਾ ਈਸਟ, ਸਰਕਾਰੀ ਕਾਲਜ ਕਰਮਸਰ ਰਾੜ੍ਹਾ ਸਾਹਿਬ ਅਤੇ ਰਾਏਕੋਟ ਸਰਕਾਰੀ ਕਾਲਜ ਦੇ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਤੋਂ ਇਲਾਵਾ ਵਿਦਿਆਰਥੀਆਂ ਜੱਥੇਬੰਦੀਆਂ ਦੇ ਕਾਰਕੁੰਨ ਵੀ ਸ਼ਾਮਿਲ ਹੋਏ।