ਮਾਛੀਵਾੜਾ ਦੀ ਅਨਾਜ ਮੰਡੀ ਵਿਚ ਮੱਕੀ ਦੀ ਆਮਦ ਸ਼ੁਰੂ
ਮਾਛੀਵਾੜਾ, 2 ਜੂਨ
ਕਣਕ ਦਾ ਸੀਜ਼ਨ ਖਤਮ ਹੋਣ ਉਪਰੰਤ ਹੁਣ ਮਾਛੀਵਾੜਾ ਅਨਾਜ ਮੰਡੀ ਵਿਚ ਮੱਕੀ ਦੀ ਆਮਦ ਸ਼ੁਰੂ ਹੋ ਗਈ ਹੈ। ਅੱਜ ਮਾਛੀਵਾੜਾ ਅਨਾਜ ਮੰਡੀ ਵਿਚ ਮੱਕੀ ਦੀ ਖਰੀਦ ਦਾ ਕੰਮ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਸ਼ੁਰੂ ਕਰਵਾਇਆ। ਮਾਛੀਵਾੜਾ ਮੰਡੀ ਵਿਚ ਪਿੰਡ ਕੋਟਲਾ ਸਮਸ਼ਪੁਰ ਦਾ ਕਿਸਾਨ ਹਰਮਨਜੀਤ ਸਿੰਘ ਅੱਜ ਮੱਕੀ ਦੀ ਪਹਿਲੀ ਢੇਰੀ ਸਨਮਤੀ ਗਰੇਨ ਟਰੇਡਰਜ਼ ਦੀ ਦੁਕਾਨ ’ਤੇ ਵੇਚਣ ਲਈ ਲੈ ਕੇ ਆਇਆ। ਖੁੱਲ੍ਹੀ ਬੋਲੀ ਰਾਹੀਂ ਇਹ ਮੱਕੀ ਦੀ ਪਹਿਲੀ ਢੇਰੀ 2501 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪ੍ਰਾਈਵੇਟ ਤੌਰ ’ਤੇ ਚਿਰਾਗ ਟ੍ਰੇਡਿੰਗ ਕੰਪਨੀ ਨੇ ਖਰੀਦੀ। ਮੱਕੀ ਫਸਲ ਦਾ ਸਮਰਥਨ ਮੁੱਲ ਸਰਕਾਰ ਵਲੋਂ 2400 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ ਪਰ ਇਹ ਸੁੱਕੀ ਫਸਲ ਸਮਰਥਨ ਮੁੱਲ ਤੋਂ 100 ਰੁਪਏ ਪ੍ਰਤੀ ਕੁਇੰਟਲ ਵੱਧ ਵਿਕੀ ਜਿਸ ਕਾਰਨ ਫਸਲ ਵੇਚਣ ਆਏ ਕਿਸਾਨ ਬਾਗੋ ਬਾਗ ਨਜ਼ਰ ਆਇਆ। ਮਾਛੀਵਾੜਾ ਇਲਾਕੇ ਵਿਚ ਇਸ ਵਾਰ ਮੱਕੀ ਫਸਲ ਦੀ ਕਾਸ਼ਤ ਬਹੁਤ ਜਿਆਦਾ ਹੈ ਅਤੇ ਮੰਡੀ ਵਿਚ ਇਸ ਦੀ ਆਮਦ ਵੀ ਪਿਛਲੇ ਸਾਲ ਨਾਲੋਂ ਵਧੇਗੀ। ਇਸ ਮੌਕੇ ਪੱਤਰਕਾਰਾਂ ਨਾ ਗੱਲਬਾਤ ਕਰਦਿਆਂ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਕਿਸਾਨਾਂ ਦੀ ਸੁੱਕੀ ਫਸਲ ਦਾ ਮੰਡੀ ਵਿਚ ਚੰਗਾ ਭਾਅ ਮਿਲੇਗਾ ਅਤੇ ਮਾਛੀਵਾੜਾ ਮੰਡੀ ਵਿਚ ਫਸਲ ਦੇ ਪ੍ਰਾਈਵੇਟ ਤੌਰ ’ਤੇ ਵਪਾਰੀ ਵੱਧ ਹੋਣ ਕਾਰਨ ਇੱਥੇ ਆਸਪਾਸ ਦੀਆਂ ਮੰਡੀਆਂ ਨਾਲੋਂ ਮੱਕੀ ਦੇ ਭਾਅ ਵਿਚ ਤੇਜ਼ੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿਚ ਸੁੱਕੀ ਫਸਲ ਹੀ ਲਿਆਉਣ ਤਾਂ ਜੋ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਇੱਕ ਕਿਸਾਨ ਮੱਕੀ ਦੀ ਗਿੱਲੀ ਫਸਲ ਲੈ ਕੇ ਆਇਆ ਸੀ ਜਿਸ ਕਾਰਨ ਉਸਦਾ ਭਾਅ 1800 ਰੁਪਏ ਪ੍ਰਤੀ ਕੁਇੰਟਲ ਲੱਗਿਆ ਅਤੇ ਉਹ ਫਸਲ ਨਾ ਵਿਕ ਸਕੀ। ਦੂਸਰੇ ਪਾਸੇ ਕਿਸਾਨ ਮੱਕੀ ਦੀ ਫਸਲ ਵੇਚਣ ਆਏ ਕਿਸਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਮੱਕੀ ਦੀ ਕਾਸ਼ਤ ਲਾਹੇਵੰਦ ਹੈ ਅਤੇ 120 ਦਿਨਾਂ ਵਿਚ ਫਸਲ ਪੱਕ ਕੇ ਤਿਆਰ ਹੁੰਦੀ ਹੈ ਜਿਸ ਦਾ 38 ਤੋਂ 40 ਕੁਇੰਟਲ ਔਸਤਨ ਝਾੜ ਨਿਕਲੇਗਾ। ਇਸ ਮੌਕੇ ਮਾਰਕੀਟ ਕਮੇਟੀ ਸਕੱਤਰ ਕੰਵਲਪ੍ਰੀਤ ਸਿੰਘ ਕਲਸੀ, ਰਾਜੀਵ ਕੌਸ਼ਲ, ਪਰਮਿੰਦਰ ਸਿੰਘ ਗੁਲਿਆਣੀ, ਬਿਕਰਮ ਲੂਥਰਾ, ਲਖਵੀਰ ਸਿੰਘ ਲੱਖੀ, ਸੰਜੀਵ ਮਲਹੋਤਰਾ, ਬਿੰਨੀ ਅਗਰਵਾਲ, ਬਲਵਿੰਦਰ ਸਿੰਘ ਬਿੰਦਰ, ਹੈਪੀ ਬਾਂਸਲ, ਵਿਨੀਤ ਜੈਨ, ਪ੍ਰਵੀਨ ਖੋਸਲਾ, ਹਰਕੇਸ਼ ਨਹਿਰਾ ਆਦਿ ਵੀ ਮੌਜੂਦ ਸਨ।