ਅਰੋੜਾ ਨੇ 8.34 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ
ਗਗਨਦੀਪ ਅਰੋੜਾ
ਲੁਧਿਆਣਾ, 14 ਮਈ
ਲੁਧਿਆਣਾ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਰਾਜ ਸਭਾ ਤੇ ਹਲਕਾ ਪੱਛਮੀ ਤੋਂ ‘ਆਪ’ ਦੇ ਉਮੀਦਵਾਰ ਮੈਂਬਰ ਸੰਜੀਵ ਅਰੋੜਾ ਨੇ ਅੱਜ ਕਰੀਬ 8.34 ਕਰੋੜ ਰੁਪਏ ਦੀ ਲਾਗਤ ਵਾਲੇ 9 ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਹ ਸਮਾਗਮ ਕਈ ਵਾਰਡਾਂ ਵਿੱਚ ਕੀਤੇ ਗਏ, ਜੋ ਕਿ ਸ਼ਹਿਰੀ ਵਿਕਾਸ ਅਤੇ ਸ਼ਹਿਰ ਵਿੱਚ ਬਿਹਤਰ ਸੜਕੀ ਸੰਪਰਕ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਇਹ ਪ੍ਰਾਜੈਕਟ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਫੈਲੇ ਹੋਏ ਹਨ ਅਤੇ ਇਨ੍ਹਾਂ ਵਿੱਚ ਰਿਹਾਇਸ਼ੀ ਕਲੋਨੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਸੜਕਾਂ ਦੀ ਉਸਾਰੀ, ਰੀਸਰਫੇਸਿੰਗ ਅਤੇ ਇੰਟਰਲਾਕਿੰਗ ਟਾਈਲਾਂ ਵਿਛਾਉਣਾ ਸ਼ਾਮਲ ਹੈ। ਸ਼ੁਰੂ ਕੀਤੇ ਗਏ ਪ੍ਰੋਜੈਕਟ ਵਿੱਚ ਵਾਰਡ ਨੰ. 65 ਵਿੱਚ ਜੋਸ਼ੀ ਨਗਰ ਭਾਗ-1 ਵਿੱਚ ਪੱਕੀ ਸੜਕ ਦੀ ਉਸਾਰੀ, ਵਾਰਡ ਨੰਬਰ 63 ਵਿੱਚ ਕਿਚਲੂ ਨਗਰ (ਬਲਾਕ ਈ, ਐਫ ਅਤੇ ਜੀ) ਦੇ ਵੱਖ-ਵੱਖ ਖੇਤਰਾਂ ਦੇ ਸਾਈਡ ਬਰਮਾਂ ’ਤੇ 60 ਮਿਲੀਮੀਟਰ ਮੋਟੀਆਂ ਇੰਟਰਲਾਕਿੰਗ ਟਾਈਲਾਂ ਦੀ ਵਿਵਸਥਾ ਅਤੇ ਫਿਕਸਿੰਗ, ਵਾਰਡ 61 ਵਿੱਚ ਯੈੱਸ ਬੈਂਕ ਤੋਂ ਸੱਗੂ ਚੌਕ ਤੱਕ ਸੜਕ ’ਤੇ ਐਸਡੀਬੀਸੀ ਵਿਛਾਉਣ, ਵਾਰਡ 59 ਵਿੱਚ ਪ੍ਰਕਾਸ਼ ਕਲੋਨੀ ਰੋਡ ਆਸ਼ਾ ਪੁਰੀ ਮੇਨ ਰੋਡ ਅਤੇ ਸ਼ੇਰ-ਏ-ਪੰਜਾਬ ਕਲੋਨੀ ਦੀਆਂ ਗਲੀਆਂ ਦੀ ਉਸਾਰੀ, ਵਾਰਡ ਨੰਬਰ 58 ਵਿੱਚ ਸ਼ਮਸ਼ੇਰ ਐਵੇਨਿਊ ਦੀਆਂ ਵੱਖ-ਵੱਖ ਲੇਨਾਂ ਦੀ ਉਸਾਰੀ, ਵਾਰਡ 55 ਵਿੱਚ ਸਰਾਭਾ ਨਗਰ ਦੇ ਬਲਾਕ ਜੇ, ਵਾਰਡ ਨੰ ਵਿੱਚ ਬੀ.ਆਰ.ਐਸ. ਨਗਰ ਦੇ ਬਲਾਕ ਡੀ ਵਿੱਚ ਸਾਈਡ ਬਰਮ ’ਤੇ ਇੰਟਰਲਾਕਿੰਗ ਟਾਈਲਾਂ ਦੀ ਉਸਾਰੀ, ਵਾਰਡ 57 ਦੇ ਸੁਨੇਤ ਪਿੰਡ ਵਿਖੇ 80 ਮਿਲੀਮੀਟਰ ਮੋਟੀਆਂ ਇੰਟਰਲਾਕਿੰਗ ਟਾਈਲਾਂ, ਵਾਰਡ 54 ਵਿੱਚ ਕਰਨੈਲ ਸਿੰਘ ਨਗਰ ਫੇਜ਼-2 ਦੀਆਂ ਵੱਖ-ਵੱਖ ਗਲੀਆਂ ਦੀ ਉਸਾਰੀ ਦਾ ਕੰਮ ਸ਼ਾਮਲ ਹੈ।
ਇਕੱਠਾਂ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਕਿਹਾ ਕਿ ਇਹ ਪ੍ਰੋਜੈਕਟ ਬਿਹਤਰ ਸੜਕਾਂ, ਸਾਫ਼-ਸੁਥਰੇ ਆਲੇ-ਦੁਆਲੇ ਅਤੇ ਬਿਹਤਰ ਜਨਤਕ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਸਾਡੇ ਵਿਸ਼ਾਲ ਮਿਸ਼ਨ ਦਾ ਹਿੱਸਾ ਹਨ। ਸਾਡਾ ਧਿਆਨ ਟਿਕਾਊ ਸ਼ਹਿਰੀ ਵਿਕਾਸ ਅਤੇ ਲੰਬੇ ਸਮੇਂ ਦੇ ਬੁਨਿਆਦੀ ਢਾਂਚੇ ਦੇ ਸੁਧਾਰਾਂ ’ਤੇ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਫੀਡਬੈਕ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਜਨਤਾ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ।
ਇਸ ਸਮਾਗਮ ਵਿੱਚ ਸਥਾਨਕ ਨਗਰ ਨਿਗਮ ਅਧਿਕਾਰੀ, ਕੌਂਸਲਰ ਅਤੇ ਵਸਨੀਕ ਮੌਜੂਦ ਸਨ, ਜਿਨ੍ਹਾਂ ਨੇ ਇਸ ਪਹਿਲਕਦਮੀ ਦਾ ਸਵਾਗਤ ਕੀਤਾ ਅਤੇ ਨਾਗਰਿਕ ਮੁੱਦਿਆਂ ਨੂੰ ਹੱਲ ਕਰਨ ਵਿੱਚ ਸਰਗਰਮ ਭੂਮਿਕਾ ਲਈ ਸੰਸਦ ਮੈਂਬਰ ਦਾ ਧੰਨਵਾਦ ਕੀਤਾ।