ਝੋਨੇ ਦੇ ਮਧਰੇਪਣ ਦੀ ਸਮੱਸਿਆ ਪ੍ਰਤੀ ਸੁਚੇਤ ਰਹਿਣ ਦੀ ਅਪੀਲ
ਪੀਏਯੂ ਦੇ ਮਾਹਿਰਾਂ ਨੇ ਝੋਨੇ ਦੇ ਮਧਰੇਪਣ ਦੀ ਸਮੱਸਿਆ ਪ੍ਰਤੀ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਮਾਹਿਰਾਂ ਅਨੁਸਾਰ ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦਾ ਇੱਕ ਨਵਾਂ ਵਿਸ਼ਾਣੂੰ ਰੋਗ ਹੈ ਜੋ ਭਾਰਤ ਵਿੱਚ ਪਹਿਲੀ ਵਾਰ 2022 ਵਿੱਚ ਵੇਖਿਆ ਗਿਆ ਸੀ। ਇਹ ਇੱਕ ਵਿਸ਼ਾਣੂੰ ਰੋਗ ਹੈ ਜੋ ਕਿ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲ਼ਦਾ ਹੈ। ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਉਨ੍ਹਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ। ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇੱਕ–ਤਿਹਾਈ ਰਹਿ ਜਾਂਦੀ ਹੈ।
ਪੀਏਯੂ ਦੇ ਪੌਦਾ ਰੋਗ ਵਿਭਾਗ ਦੇ ਮੁਖੀ ਡਾ. ਪੀ. ਐਸ. ਸੰਧੂ ਨੇ ਕਿਹਾ ਕਿ ਕਿਸਾਨ ਇਸ ਤਰਾਂ ਦੇ ਪੌਦਿਆਂ ਬਾਰੇ, ਜਿਨਾਂ ਦੇ ਲੱਛਣ ਸੰਭਾਵਿਤ ਬਿਮਾਰੀ ਵਾਲ਼ੇ ਨਜ਼ਰ ਆਉਣ, ਤੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਪੀਏਯੂ ਨੂੰ ਸੂਚਿਤ ਕਰ ਸਕਦੇ ਹਨ। ਪੀਏਯੂ ਦੇ ਵਿਗਿਆਨੀ ਸਰਗਰਮੀ ਨਾਲ਼ ਝੋਨੇ ਦੀ ਪਨੀਰੀ ਵਿੱਚ ਇਸ ਰੋਗ ਦੀ ਨਜ਼ਰਸਾਨੀ ਕਰ ਰਹੇ ਹਨ। ਝੋਨੇ ਦੀ ਪੌਦ ਵਿੱਚੋਂ ਵੇਖੇ ਗਏ ਸੈਂਪਲਾਂ ਵਿਚ ਹਾਲਾਂਕਿ, ਇਸ ਸਾਲ, ਹੁਣ ਤੱਕ ਪੰਜਾਬ ਵਿੱਚ ਇਸ ਬਿਮਾਰੀ ਦਾ ਕੋਈ ਵੀ ਮਾਮਲਾ ਨਹੀਂ ਮਿਲਿਆ।
ਪੀਏਯੂ ਦੇ ਪ੍ਰਮੁੱਖ ਕੀਟ ਵਿਗੀਆਨੀ ਡਾ. ਕੇ. ਐਸ. ਸੂਰੀ ਨੇ ਦੱਸਿਆ ਕਿ ਪਨੀਰੀ ਦੀ ਬਿਜਾਈ ਤੋਂ ਹੀ ਇਸ ਰੋਗ ਨੂੰ ਫੈਲਾਉਣ ਵਾਲੇ ਕੀੜੇ (ਚਿੱਟੀ ਪਿੱਠ ਵਾਲੇ ਟਿੱਡੇ) ਦੀ ਸੁਚੱਜੀ ਰੋਕਥਾਮ ਲਈ ਝੋਨੇ ਦੀ ਫਸਲ ਦਾ ਸਮੇਂ-ਸਮੇਂ ਸਿਰ ਨਿਰੀਖਣ ਕਰਦੇ ਰਹੋ। ਟਿੱਡੇ ਦੀ ਆਮਦ ਵੇਖਣ ਲਈ ਰਾਤ ਨੂੰ ਪਨੀਰੀ/ਖੇਤ ਨੇੜ੍ਹੇ ਬਲਬ ਜਗਾ ਕੇ ਰੱਖੋੋ। ਜੇਕਰ ਟਿੱਡੇ ਦੀ ਆਮਦ ਨਜ਼ਰ ਆਉਂਦੀ ਹੈ ਤਾਂ ਕਿਸੇ ਵੀ ਕੀਟਨਾਸ਼ਕ ਜਿਵੇਂ ਕਿ 94 ਮਿ.ਲਿ. ਪੈਕਸਾਲੋਨ 10 ਐਸ ਸੀ ਜਾਂ 60 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 80 ਗ੍ਰਾਮ ਓਸ਼ੀਨ/ਟੋਕਨ/ਡੋਮਿਨੇਂਟ 20 ਐਸ ਜੀ ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ ਜਾਂ 400 ਮਿ.ਲਿ. ਆਰਕੈਸਟਰਾ 10 ਐਸ ਸੀ ਜਾਂ 300 ਮਿ.ਲਿ. ਇਮੇਜਿਨ 10 ਐਸ ਸੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ਼ 100 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੇ ਮੁੱਢਾਂ ਤੇ ਛਿੜਕਾਅ ਕਰੋ। ਸੁਚੱਜੀ ਰੋਕਥਾਮ ਵਾਸਤੇ ਪਿੱਠੂ ਪੰਪ ਅਤੇ ਗੋਲ ਨੋਜ਼ਲ ਦਾ ਇਸਤੇਮਾਲ ਕਰੋ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਕਈ ਵਾਰੀ ਕੁਝ ਖੁਰਾਕੀ ਤੱਤਾਂ ਦੀ ਘਾਟ ਕਰਕੇ ਵੀ ਝੋਨੇ ਦੇ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ। ਕਿਸਾਨ ਇਸ ਸਮੱਸਿਆ ਦੀ ਸਹੀ ਪਛਾਣ ਲਈ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ਼ ਸੰਪਰਕ ਕਰ ਸਕਦੇ ਹਨ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਜਿਸ ਖੇਤ ਵਿੱਚ ਸਾਲ 2022 ਵਿੱਚ ਇਹ ਬਿਮਾਰੀ ਨਜ਼ਰ ਆਈ ਹੋਵੇ, ਓਥੇ ਖਾਸ ਧਿਆਨ ਰੱਖਿਆ ਜਾਵੇ।