ਗਦਰੀ ਬਾਬਾ ਹਰੀ ਸਿੰਘ ਉਸਮਾਨ ਦੀ ਯਾਦ ’ਚ ਸਾਲਾਨਾ ਸਮਾਗਮ
ਕਾਮਾਗਾਟਾਮਾਰੂ ਯਾਦਗਾਰ ਕਮੇਟੀ ਤੇ ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ ਦੀ ਸਰਪ੍ਰਸਤੀ ਹੇਠ ਬਾਬਾ ਹਰੀ ਸਿੰਘ ਉਸਮਾਨ ਯਾਦਗਾਰ ਕਮੇਟੀ ਬੱਦੋਵਾਲ ਨੇ ਸਾਲਾਨਾ ਸਮਾਗਮ ਕਰਵਾਇਆ। ਬਾਬਾ ਹਰੀ ਸਿੰਘ ਉਸਮਾਨ ਦੇ ਜਨਮ ਦਿਵਸ ਮੌਕੇ ਇਹ ਸਮਾਗਮ ਗਰਾਮ ਪੰਚਾਇਤ ਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਹੋਇਆ। ਸਮਾਗਮ ਦੀ ਪ੍ਰਧਾਨਗੀ ਪ੍ਰਿਥੀਪਾਲ ਸਿੰਘ ਮਾੜੀ ਮੇਘਾ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਐਡਵੋਕੇਟ ਕੁਲਦੀਪ ਸਿੰਘ ਕਿਲਾ ਰਾਏਪੁਰ, ਮਾਸਟਰ ਜਸਦੇਵ ਸਿੰਘ ਲਲਤੋਂ, ਉਜਾਗਰ ਸਿੰਘ ਬੱਦੋਵਾਲ, ਬਚਿੱਤਰ ਸਿੰਘ, ਸ਼ਿੰਦਰ ਸਿੰਘ ਜਵੱਦੀ, ਗੁਰਮੇਲ ਸਿੰਘ ਢੱਟ ਨੇ ਸਾਂਝੇ ਤੌਰ ’ਤੇ ਕੀਤੀ। ਸਭ ਤੋਂ ਪਹਿਲਾਂ ਕਾਫ਼ਲੇ ਨੇ ਯਾਦਗਾਰ ’ਤੇ ਪਹੁੰਚ ਕੇ ਗ਼ਦਰ ਪਾਰਟੀ ਦਾ ਝੰਡਾ ਝੁਲਾਇਆ ਅਤੇ ਉਨ੍ਹਾਂ ਦੀ ਯਾਦ ਵਿੱਚ ਨਾਅਰੇ ਬੁਲੰਦ ਕੀਤੇ। ਸਟੇਜ ਸਕੱਤਰ ਦਾ ਕਾਰਜ ਆਰੰਭ ਕਰਦਿਆਂ ਉਜਾਗਰ ਸਿੰਘ ਬੱਦੋਵਾਲ ਨੇ ਬਾਬਾ ਜੀ ਦੇ ਸੰਗਰਾਮੀ ਜੀਵਨ ਤੇ ਮਿਸਾਲੀ ਜੱਦੋਜਹਿਦ ਬਾਰੇ ਸੰਖੇਪ ਚਾਨਣਾ ਪਾਇਆ। ਲੋਕ ਗਾਇਕ ਰਾਮ ਸਿੰਘ ਹਠੂਰ ਨੇ ਇਨਕਲਾਬੀ, ਲੋਕਪੱਖੀ ਤੇ ਦੇਸ਼ਪ੍ਰੇਮੀ ਗੀਤਾਂ ਤੇ ਕਵੀਸ਼ਰੀਆਂ ਦਾ ਕਲਾਮਈ ਰੰਗ ਬੰਨ੍ਹਿਆ। ਚੋਣਵੇ ਬੁਲਾਰਿਆਂ ਵਜੋਂ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ, ਐਡਵੋਕੇਟ ਕੁਲਦੀਪ ਸਿੰਘ, ਪ੍ਰਿਥੀਪਾਲ ਸਿੰਘ ਮਾੜੀ ਮੇਘਾ, ਜਸਦੇਵ ਸਿੰਘ ਲਲਤੋਂ, ਉੱਘੇ ਢਾਡੀ ਕਮਲ ਸਿੰਘ ਬੱਦੋਵਾਲ, ਬਚਿੱਤਰ ਸਿੰਘ, ਜਸਵੀਰ ਕੌਰ ਜੋਧਾਂ, ਸੁਖਵਿੰਦਰ ਸਿੰਘ ਜੱਗਾ, ਨਿਰਮਲ ਸਿੰਘ ਬੱਦੋਵਾਲ ਨੇ ਹਰੀ ਸਿੰਘ ਉਸਮਾਨ ਦੇ ਬਚਪਨ, ਫੌਜੀ ਤੇ ਕਿਸਾਨੀ ਜ਼ਿੰਦਗੀ, ਫਿਲਪਾਈਨਜ਼ ਵਿੱਚ ਕੀਤੀ ਮਜ਼ਦੂਰੀ ਬਾਰੇ, ਮੈਕਸੀਕਾਲੀ (ਅਮਰੀਕਾ) ਵਿੱਚ 200 ਏਕੜ ਦੇ ਫਾਰਮ ਵਿੱਤੇ ਕੀਤੀ ਕਪਾਹ ਦੀ ਖੇਤੀ ਬਾਰੇ, ਗ਼ਦਰ ਪਾਰਟੀ ਵਿੱਚ ਕੀਤੇ ਅਹਿਮ ਰੋਲ ਬਾਰੇ, 1916 ਤੋਂ 38 ਤਕ ਨਿਭਾਈ ਗੁਪਤਵਾਸ ਜ਼ਿੰਦਗੀ ਬਾਰੇ, 1938 ਤੋਂ 44 ਤੱਕ ਹਾਂਗਕਾਂਗ, ਸਿੰਘਾਪੁਰ, ਸ਼ੰਘਾਈ, ਪਨਾਗ, ਰੰਗੂਨ ਤੇ ਬੈਂਕਾਕ ਵਿੱਚ ਰਹਿ ਕੇ ਆਜ਼ਾਦ ਹਿੰਦ ਫੌਜ ਦੇ ਨਾਮਵਰ ਜਰਨੈਲ ਵਜੋਂ ਨਿਭਾਏ ਰੋਲ ਬਾਰੇ, ਵੱਡੇ ਪੁੱਤਰ ਹੈਰੀ ਦੀ ਸ਼ਹੀਦੀ ਬਾਰੇ, ਗ਼ਦਰ ਪਾਰਟੀ ਦੇ ਅਧੂਰੇ ਕਾਰਜਾਂ ਬਾਰੇ, ਪੰਜਾਬ ਸਮੇਤ ਦੇਸ਼ ਦੀ ਅਜੋਕੀ ਸਥਿਤੀ ਬਾਰੇ, ਦੇਸ਼ਭਗਤਾਂ ਦੇ ਖਰੇ ਵਾਰਸਾਂ ਨੂੰ ਦਰਪੇਸ਼ ਚੁਣੌਤੀਆਂ ਤੇ ਪੂਰੇ ਕਰਨ ਵਾਲੇ ਕਾਰਜਾਂ ਬਾਰੇ ਚਾਨਣਾ ਪਾਇਆ। ਨਾਲ ਹੀ ਦੇਸ਼ ਵਿਦੇਸ਼ੀ ਕਾਰਪੋਰੇਟੀ ਲੁੱਟ ਖ਼ਿਲਾਫ਼ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ। ਸਰਪੰਚ ਰਾਜਵਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਜੱਗਾ, ਤਪਿੰਦਰ ਸਿੰਘ ਭਿੰਦਾ, ਅਵਤਾਰ ਸਿੰਘ ਸੁਨੇਤ, ਐਡਵੋਕੇਟ ਗੁਰਚਰਨਜੀਤ ਸਿੰਘ, ਐਡਵੋਕੇਟ ਨਰਿੰਦਰ ਸਿੰਘ, ਮੈਨੇਜਰ ਬਲਜਿੰਦਰਪਾਲ ਸਿੰਘ ਬਿੱਲੂ, ਗੁਰਦੇਵ ਸਿੰਘ ਮੁੱਲਾਂਪੁਰ, ਨੰਬਰਦਾਰ ਮੇਜਰ ਸਿੰਘ, ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਅਮਰੀਕ ਸਿੰਘ ਤਲਵੰਡੀ, ਨਿਰਮਲ ਸਿੰਘ, ਢਾਡੀ ਕਮਲ ਸਿੰਘ, ਮਲਕੀਤ ਸਿੰਘ, ਮਨਦੀਪ ਸਿੰਘ, ਜਸਬੀਰ ਸਿੰਘ, ਦਲਜਿੰਦਰ ਸਿੰਘ ਬੂਟਾ ਆਦਿ ਸਮਾਗਮ ਵਿੱਚ ਹਾਜ਼ਰ ਸਨ।