ਜਵੱਦੀ ਟਕਸਾਲ ਵਿੱਚ ਬਰਸੀ ਸਮਾਗਮ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਸੁੱਚਾ ਸਿੰਘ ਦੀ 23ਵੀਂ ਬਰਸੀ ਦੇ ਸਬੰਧ ਵਿੱਚ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਸੰਤ ਸਮਾਗਮ ਹੋਇਆ ਜਿਸ ਵਿੱਚ ਧਾਰਮਿਕ ਸਖ਼ਸ਼ੀਅਤਾਂ, ਸਿੰਘ ਸਾਹਿਬਾਨ, ਵੱਖ ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਅਤੇ ਨਿਹੰਗ ਸਿੰਘ ਜੱਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਤ ਸੁੱਚਾ ਸਿੰਘ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਆਪਣਾ ਸ਼ਰਧਾ ਤੇ ਸਤਿਕਾਰ ਭੇਟ ਕੀਤਾ।
ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਅਮੀਰ ਸਿੰਘ ਦੀ ਦੇਖ ਰੇਖ ਹੇਠ ਹੋਏ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜਵੱਦੀ ਟਕਸਾਲ ਦੇ ਬਾਨੀ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਗਏ ਮਿਸਾਲੀ ਕਾਰਜ ਸਮੁੱਚੀ ਕੌਮ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਵੱਲੋਂ ਸਥਾਪਿਤ ਇਹ ਅਸਥਾਨ ਸੰਗੀਤ ਦੀ ਅਦੁੱਤੀ ਅਤੇ ਬੇਮਿਸਾਲ ਟਕਸਾਲ ਹੈ ਜਿਸ ਵਿੱਚ ਪੁਰਾਤਨ ਕੀਰਤਨ ਸ਼ੈਲੀ ਵਾਲੇ ਰੱਖੇ ਤੰਤੀ ਸਾਜ਼ ਗੁਰਮਤਿ ਸੰਗੀਤ ਕਲਾ ਦੀ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ।
ਇਸ ਮੌਕੇ ਸੰਤ ਬਲਬੀਰ ਸਿੰਘ ਮੁਖੀ 96 ਕਰੋੜੀ ਬੁੱਢਾ ਦਲ, ਜਥੇਦਾਰ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਹਰੀਆਂ ਵੇਲਾਂ, ਜੱਥੇਦਾਰ ਗੁਰਦੇਵ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਸੰਤ ਬਾਬਾ ਨਰਿੰਦਰ ਸਿੰਘ ਲੰਗਰਾਂ ਵਾਲੇ, ਸੰਤ ਬਾਬਾ ਤੇਜਾ ਸਿੰਘ ਖੁਡਾ ਕੁਰਾਲਾ, ਬਾਬਾ ਮੇਜਰ ਸਿੰਘ ਪੰਜ ਭੈਣੀਆਂ,੍ਰਗਿਆਨੀ ਸੁਖਜੀਤ ਸਿੰਘ ਘੱਨ੍ਹਿਆ, ਗਿਆਨੀ ਸੂਬਾ ਸਿੰਘ, ਸੰਤ ਬਾਬਾ ਹਰੀ ਸਿੰਘ ਜੀਰਾ, ਸੰਤ ਭੁਪਿੰਦਰ ਸਿੰਘ ਅਤੇ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਜਸਵੰਤ ਸਿੰਘ ਪਰਵਾਨਾ ਨੇ ਵੀ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਸੰਤ ਬਾਬਾ ਸੁਚਾ ਸਿੰਘ ਵੱਲੋਂ ਸ਼ੁਰੂ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਗਿਆਨੀ ਅਤਰ ਸਿੰਘ ਹੈਡ ਗ੍ਰੰਥੀ, ਮਹੰਤ ਪ੍ਰਿਤਪਾਲ ਸਿੰਘ, ਬਾਬਾ ਰਣਜੀਤ ਸਿੰਘ ਸੇਵਾ ਪੰਥੀ ਸੰਪਰਦਾ ਵਾਲੇ, ਮਾਤਾ ਵਿਪਨਪ੍ਰੀਤ ਕੌਰ, ਬੀਬੀ ਜਸਪ੍ਰੀਤ ਕੌਰ, ਗਿਆਨੀ ਬਲਵਿੰਦਰ ਸਿੰਘ ਹੈਡ ਗ੍ਰੰਥੀ, ਭਾਈ ਮੇਜਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ, ਅਮਰਜੀਤ ਸਿੰਘ ਚਾਵਲਾ ਅਤੇ ਰਣਜੀਤ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ। ਸੰਤ ਬਾਬਾ ਅਮੀਰ ਸਿੰਘ ਨੇ ਬਰਸੀ ਸਮਾਗਮ 'ਚ ਪੁੱਜੀਆਂ ਸਖ਼ਸ਼ੀਅਤਾਂ ਦੇ ਸਤਿਕਾਰ 'ਚ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।