ਅਮਜ਼ਦ ਆਰਫ਼ੀ ਗ਼ਜ਼ਲ ਸੰਗ੍ਰਹਿ ‘ਰਮਜ਼ਾਂ ਚੁੱਪ ਦੀਆਂ’ ਲੋਕ ਅਰਪਣ
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਜਰਮਨੀ ਵਸਦੇ ਸ਼ਾਇਰ ਅਮਜਦ ਆਰਫ਼ੀ ਦਾ ਗ਼ਜ਼ਲ ਸੰਗ੍ਰਹਿ ‘ਰਮਜ਼ਾਂ ਚੁੱਪ ਦੀਆਂ’ ਲੋਕ ਅਰਪਨ ਕੀਤਾ ਗਿਆ। ਇਸ ਮੌਕੇ ਇਟਲੀ ਦੇ ਲੇਖਕ ਦਲਜਿੰਦਰ ਰਹਿਲ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਕਾਲਜ ਕੌਂਸਲ ਦੇ ਪ੍ਰਧਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐੱਸਪੀ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਰਸਮੀ ਤੌਰ ’ਤੇ ਜੀ ਆਇਆਂ ਕਿਹਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੇਂਦਰ ਵੱਲੋਂ ਪਾਕਿਸਤਾਨੀ ਮੂਲ ਦੇ ਲੇਖਕ ਅਤੇ ਜਰਮਨੀ ਵੱਸਦੇ ਸ਼ਾਇਰ ਅਮਜਦ ਆਰਫ਼ੀ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਨ ਕੀਤਾ ਹੈ। ਕੇਂਦਰ ਵੱਲੋਂ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਪੁਸਤਕ ‘ਚੁੱਪ ਦੀ ਬੁੱਕਲ’ ਉੱਤੇ ਵਿਚਾਰ ਚਰਚਾ ਕਰਵਾਈ ਗਈ ਸੀ। ਉਨ੍ਹਾਂ ਨੇ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਇਸ ਨਾਲ ਜੁੜੇ ਲੇਖਕਾਂ ਦੀ ਪਰਵਾਸੀ ਸਾਹਿਤ ਅਧਿਐਨ ਕੇਂਦਰ ਨਾਲ ਸਾਂਝ ਬਾਰੇ ਵਿਸਥਾਰ ਪੂਰਵਕ ਦੱਸਿਆ।
ਦਲਜਿੰਦਰ ਰਹਿਲ ਨੇ ਦੱਸਿਆ ਕਿ ਅਮਜਦ ਆਰਫ਼ੀ ਦਾ ਪੂਰਾ ਨਾਮ ਅਮਜਦ ਅਲੀ ਸ਼ਾਕਿਰ ਹੈ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਵਿਚ ਹੋਇਆ ਤੇ ਪਿਛਲੇ ਚਾਰ ਦਹਾਕਿਆਂ ਤੋਂ ਉਹ ਜਰਮਨੀ ਵਾਸੀ ਹਨ। ਉਹ ਪੰਜਾਬੀ ਬੋਲੀ ਪ੍ਰਤੀ ਸਮਰਪਿਤ ਭਾਵਨਾ ਆਪਣੇ ਦਿਲ ਵਿਚ ਰੱਖਦਾ ਹੈ। ਸ਼ਾਇਰ ਤ੍ਰੈਲੋਚਨ ਲੋਚੀ ਨੇ ਦੱਸਿਆ ਕਿ ਇਸ ਗ਼ਜ਼ਲ ਸੰਗ੍ਰਹਿ ਵਿਚ ਆਰਫ਼ੀ ਨੇ ਮਨੁੱਖੀ ਮਨ ਸਮਾਜ ਕਾਦਰ, ਕੁਦਰਤ, ਰਿਸ਼ਤੇ-ਨਾਤੇ ਆਦਿ ਵਿਸ਼ਿਆਂ ਨੂੰ ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸਭ ਦਾ ਰਸਮੀ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਵਿਦੇਸ਼ਾਂ ਵਿਚ ਵਸਦੇ ਹੋਏ ਪੰਜਾਬੀ ਲੇਖਕਾਂ ਨੇ ਸਾਡੀ ਸੰਸਥਾ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਲਈ ਹਮੇਸ਼ਾ ਹੀ ਅਪਣੱਤ ਅਤੇ ਵਿਸ਼ਵਾਸ਼ ਪ੍ਰਗਟ ਕੀਤਾ ਹੈ। ਇਸੇ ਕਰਕੇ ਹੀ ਅਜਿਹੇ ਪ੍ਰੋਗਰਾਮ ਸਾਡੀ ਸੰਸਥਾ ਦੇ ਹਿੱਸੇ ਆਉਂਦੇ ਹਨ। ਉਨ੍ਹਾਂ ਅਮਜਦ ਆਰਫ਼ੀ ਨੂੰ ਇਸ ਪੁਸਤਕ ਲਈ ਵਧਾਈ ਦਿੱਤੀ। ਇਸ ਮੌਕੇ ਕਾਲਜ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ, ਮੈਂਬਰ ਕੁਲਜੀਤ ਸਿੰਘ, ਹਰਦੀਪ ਸਿੰਘ, ਜੀ.ਜੀ.ਐਨ.ਆਈ.ਐਮ.ਟੀ. ਦੇ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ,ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਕੋਆਰਡੀਨੇਟਰ ਪਰਵਾਸੀ ਸਾਹਿਤ ਅਧਿਐਨ ਕੇਂਦਰ ਡਾ. ਤੇਜਿੰਦਰ ਕੌਰ ਵੱਲੋਂ ਕੀਤਾ ਗਿਆ।