ਅਮਰ ਸਿੰਘ ਵੱਲੋਂ ਸਸਰਾਲੀ ਕਲੋਨੀ ਤੇ ਧੁੱਸੀ ਬੰਨ੍ਹ ਦਾ ਦੌਰਾ
ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਬੋਪਰਾਏ ਨੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਹੜ੍ਹ ਤੋਂ ਪ੍ਰਭਾਵਿਤ ਪਿੰਡ ਸਸਰਾਲੀ ਕਲੋਨੀ ਅਤੇ ਬੂਥਗੜ੍ਹ ਸਮੇਤ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਹਲਕਾ ਸਾਹਨੇਵਾਲ ਤੋਂ ਇੰਚਾਰਜ ਵਿਕਰਮ ਸਿੰਘ ਬਾਜਵਾ ਵੀ ਮੌਜੂਦ ਸਨ। ਐੱਮ.ਪੀ. ਅਮਰ ਸਿੰਘ ਨੇ ਧੁੱਸੀ ਬੰਨ੍ਹ ਦੀ ਮੁਰੰਮਤ ਵਿਚ ਜੁਟੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਬੰਨ੍ਹ ਨੂੰ ਬਚਾਉਣ ਲਈ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਕਿ ਕਿਸੇ ਵੀ ਕਿਸਾਨ ਦੀ ਫਸਲ ਤਬਾਹ ਨਾ ਹੋਵੇ ਅਤੇ ਨਾ ਹੀ ਉਸਦਾ ਕੋਈ ਜਾਨੀ ਮਾਲੀ ਨੁਕਸਾਨ ਹੋਵੇ। ਐੱਮ.ਪੀ. ਅਮਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਸਮੱਸਿਆ ਹੈ ਜਾਂ ਬੰਨ੍ਹ ਨੂੰ ਬਚਾਉਣ ਵਿਚ ਮੈਟੀਰੀਅਲ ਨਹੀਂ ਮਿਲ ਰਿਹਾ ਤਾਂ ਉਸ ਬਾਰੇ ਦੱਸਣ, ਉਹ ਤੁਰੰਤ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਤਾਜਪਰਮਿੰਦਰ ਸਿੰਘ ਸੋਨੂੰ ਅਤੇ ਹੋਰ ਪਿੰਡ ਵਾਸੀਆਂ ਨੇ ਐੱਮ.ਪੀ. ਅਮਰ ਸਿੰਘ ਦੇ ਧਿਆਨ ਵਿਚ ਲਿਆਂਦਾ ਕਿ ਅੱਜ ਜੋ ਹਲਕਾ ਸਾਹਨੇਵਾਲ ਦੇ ਬੇਟ ਖੇਤਰ ਦੇ ਪਿੰਡਾਂ ਵਿਚ ਹਾਲਾਤ ਬਣੇ ਹੋਏ ਹਨ ਅਤੇ ਧੁੱਸੀ ਬੰਨ੍ਹ ਕਮਜ਼ੋਰ ਹੋਇਆ ਹੈ ਉਸ ਲਈ ਜਿੰਮੇਵਾਰ ਰੇਤ ਮਾਫ਼ੀਆ ਹੈ ਜਿਨ੍ਹਾਂ ਨੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸਤਲੁਜ ਦਰਿਆ ’ਚੋਂ ਕਈ-ਕਈ 100 ਫੁੱਟ ਰੇਤਾ ਪੁੱਟ ਦਿੱਤਾ। ਜਿਸ ਦਾ ਜਵਾਬ ਦਿੰਦਿਆ ਡਾ. ਅਮਰ ਸਿੰਘ ਬੋਪਾਰਾਏ ਨੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਦੀ ਹਾਜ਼ਰੀ ਵਿਚ ਕਿਹਾ ਕਿ ਸਮਾਂ ਆਉਣ ਤੇ ਜਿਹੜੇ ਵੀ ਲੋਕਾਂ ਨੇ ਗੈਰ ਕਾਨੂੰਨੀ ਰੇਤ ਦੀ ਖੁਦਾਈ ਕੀਤੀ ਹੈ ਉਨ੍ਹਾਂ ਦੀ ਜਾਂਚ ਕਰਵਾ ਕੇ ਉਨ੍ਹਾਂ ’ਤੇ ਪਰਚੇ ਦਰਜ ਕੀਤੇ ਜਾਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਕਰਮ ਬਾਜਵਾ ਨੇ ਕਿਹਾ ਕਿ ਰੇਤ ਮਾਫ਼ੀਆ ਨੇ ਨਾਜਾਇਜ਼ ਮਾਈਨਿੰਗ ਤੇ ਮਨਮਾਨੀਆਂ ਕਰ ਵੱਡੀਆਂ ਵੱਡੀਆਂ ਮਸ਼ੀਨਾਂ ਨਾਲ ਸਤਲੁਜ ਦਰਿਆ ’ਚੋਂ ਰੇਤ ਵੇਚ ਕੇ ਕਰੋੜਾਂ ਰੁਪਏ ਹੜੱਪ ਲਏ ਪਰ ਅੱਜ ਉਸਦਾ ਖੁਮਿਆਜ਼ਾ ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਭੁਗਤ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਨੇ ਹੜ੍ਹਾਂ ਤੋਂ ਪਹਿਲਾਂ ਸਤਲੁਜ ਦਰਿਆ ਦੀ ਮੁਰੰਮਤ ਤਾਂ ਕੀ ਕਰਨੀ ਸੀ ਬਲਕਿ ਇੱਥੋਂ ਗੈਰ ਕਾਨੂੰਨੀ ਢੰਗ ਨਾਲ ਰੇਤ ਚੁਕਵਾ ਕੇ ਲੋਕਾਂ ਦੀ ਜਾਨ, ਮਾਲ ਨੂੰ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਤਾਜਪਰਮਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਹਾਲਾਤ ਇਹ ਹਨ ਕਿ ਦਰਿਆ ਦਾ ਪਾਣੀ ਜਮੀਨ ਨੂੰ ਖੋਰਾ ਲਗਾਉਂਦਾ ਧੁੱਸੀ ਬੰਨ੍ਹ ਵੱਲ ਨੂੰ ਵਧ ਰਿਹਾ ਹੈ ਅਤੇ ਫਾਸਲਾ ਕਰੀਬ 50 ਫੁੱਟ ਦਾ ਹੀ ਬਚਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਦਰਿਆ ਵਿਚ ਪਾਣੀ ਹੋਰ ਵਧਿਆ ਤਾਂ ਧੁੱਸੀ ਬੰਨ੍ਹ ਨੂੰ ਬਚਾਉਣਾ ਮੁਸ਼ਕਿਲ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਬਲਾਕ ਕਾਂਗਰਸ ਦੇ ਪ੍ਰਧਾਨ ਤਾਜ ਪਰਮਿੰਦਰ ਸਿੰਘ ਸੋਨੂ, ਬਲਵੀਰ ਸਿੰਘ ਬੁੱਢੇਵਾਲ, ਸਵਰਨ ਸਿੰਘ ਖਵਾਜਕੇ, ਰੁਪਿੰਦਰ ਸਿੰਘ ਨੂਰਵਾਲ, ਨਾਨਕ ਸਿੰਘ ਗੜੀ ਫਾਜਲ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।