ਅਮਰ ਸਿੰਘ ਵੱਲੋਂ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਮੰਗ
ਲੋਕ ਸਭਾ ਮੈਂਬਰ ਨੇ ਪ੍ਰਤੀ ਏਕੜ ਘੱਟ-ਘੱਟ 25 ਹਜ਼ਾਰ ਰੁਪਏ ਮੁਆਵਜ਼ਾ ਮੰਗਿਆ
Advertisement
ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਸਕੱਤਰ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਹੜ੍ਹ ਮਾਰੇ ਪੰਜਾਬ ਦੇ ਲੋਕਾਂ ਲਈ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਲੋਕ ਸਭਾ ਮੈਂਬਰ ਨੇ ਪ੍ਰਤੀ ਏਕੜ ਘੱਟੋ-ਘੱਟ 25 ਹਜ਼ਾਰ ਰੁਪਏ ਰਾਹਤ ਦੇਣ ਦੀ ਮੰਗ ਕੀਤੀ ਹੈ। ਡਾ. ਅਮਰ ਸਿੰਘ ਨੇ ਪੰਜਾਬ ਵਿੱਚ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ 20% ਇਲਾਕਾ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆਇਆ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਦੌਰੇ ਮੌਕੇ ਦੇਖਿਆ ਕਿ ਖੇਤਾਂ ਵਿੱਚ ਕਈ ਫ਼ੁੱਟ ਮਿੱਟੀ ਅਤੇ ਮਲਬਾ ਜਮ੍ਹਾਂ ਹੋ ਗਿਆ ਹੈ, ਜਿਸ ਕਾਰਨ ਜ਼ਮੀਨਾਂ ਹਾਲ ਦੀ ਘੜੀ ਖੇਤੀਯੋਗ ਨਹੀਂ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਆਪਣੇ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੀਆਂ ਮੰਡੀਆਂ ਦੇ ਦੌਰੇ ਮੌਕੇ ਖ਼ੁਦ ਦੇਖਿਆ ਅਤੇ ਅਧਿਕਾਰੀਆਂ ਨੇ ਵੀ ਝੋਨੇ ਦਾ ਝਾੜ 25 ਤੋਂ 30% ਘਟਣ ਬਾਰੇ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਏਕੜ 15 ਤੋਂ 25 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ, ਇਸੇ ਕਾਰਨ ਪੰਜਾਬ ਵਿੱਚ ਮੰਡੀ ਮਜ਼ਦੂਰਾਂ, ਆੜ੍ਹਤੀਆਂ ਅਤੇ ਢੋਆ-ਢੁਆਈ ਕਰਨ ਵਾਲਿਆਂ ਨੂੰ ਅਦਾਇਗੀਆਂ ਉਪਰ ਵੀ ਮਾੜਾ ਪ੍ਰਭਾਵ ਪਿਆ ਹੈ।
Advertisement
Advertisement
