ਆਲ ਇੰਡੀਆ ਰੇਡੀਓ ਲੁਧਿਆਣਾ ਨੇ ਜਖ਼ਮੀ ਪੰਛੀ ਦੀ ਜਾਨ ਬਚਾਈ
ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਜੁਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਆਲ ਇੰਡੀਆ ਰੇਡੀਓ ਦੇ ਆਕਾਸ਼ਵਾਣੀ ਲੁਧਿਆਣਾ ਕੇਂਦਰ ਦੇ ਕਰਮਚਾਰੀਆਂ ਨੇ ਅੱਜ ਬੇਹੋਸ਼ੀ ਦੀ ਹਾਲਤ ਵਿੱਚ ਡਿੱਗੇ ਪਏ ਬਾਜ਼ ਦਾ ਇਲਾਜ ਕਰਵਾ ਕੇ ਉਸ ਨੂੰ ਮੁੜ ਉੱਡਣਯੋਗ ਹਾਲਤ ਵਿੱਚ ਲਿਆਂਦਾ। ਮੁਲਾਜ਼ਮਾਂ ਨੂੰ ਜਦੋਂ ਦਫ਼ਤਰ ਦੇ ਬਾਹਰ ਜ਼ਖ਼ਮੀ ਬਾਜ਼ ਦਿਖਿਆ ਤਾਂ ਉਨ੍ਹਾਂ ਇਸ ਦੀ ਸੂਚਨਾ ਨਿਰਦੇਸ਼ਕ ਕਰਮਵੀਰ ਕਰਨ ਨੂੰ ਦਿੱਤੀ। ਉਨ੍ਹਾਂ ਜ਼ਖ਼ਮੀ ਬਾਜ਼ ਨੂੰ ਪਾਣੀ ਪਿਲਾਇਆ ਤੇ ਵੈਟਰਨਰੀ ਡਾਕਟਰ ਨੂੰ ਬੁਲਾਇਆ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਰਨਰੀ ਡਾ. ਗੁਰਪ੍ਰੀਤ ਸਿੰਘ ਪ੍ਰੀਤ ਨੇ ਮੌਕੇ ’ਤੇ ਪਹੁੰਚ ਕੇ ਬਾਜ਼ ਦੀ ਜਾਂਚ ਕੀਤੀ ਤੇ ਉਸ ਨੂੰ ਵੈਟਰਨਰੀ ’ਵਰਸਿਟੀ ਲੈ ਗਏ ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਦੂਜੇ ਪਾਸੇ ਡਾ. ਗੁਰਪ੍ਰੀਤ ਸਿੰਘ ਪ੍ਰੀਤ ਨੇ ਦੱਸਿਆ ਕਿ ਇਹ ਪੰਛੀਆਂ ਦੀਆਂ ਅਲੋਪ ਹੋ ਰਹੀ ਪਰਜਾਤੀਆਂ ਵਿੱਚੋਂ ਇੱਕ ਹੈ। ਇਸ ਨੂੰ ਆਮ ਲੋਕ ਬਾਜ਼ ਜਾਂ ਇੱਲ ਕਹਿ ਦਿੰਦੇ ਹਨ, ਪਰ ਇਹ ਕਾਈਟ ਜਾਤੀ ਹੈ। ਇਹ ਕਾਈਟ ਜਾਤੀ ਦਾ ਬੱਚਾ ਹੈ ਜੋ ਅਸਮਾਨ ਵਿੱਚ ਉੱਡਦੇ ਸਮੇਂ ਜਖ਼ਮੀ ਹੋ ਗਿਆ ਤੇ ਆਪਣੇ ਪਰਿਵਾਰ ਨਾਲੋਂ ਵਿਛੜ ਗਿਆ। ਉਨ੍ਹਾਂ ਵਲੋਂ ਇਸ ਦਾ ਇਲਾਜ ਕਰਨ ਤੋਂ ਬਾਅਦ ਐਨੀਮਲ ਵੈਲਫੇਅਰ ਕਲੱਬ ਦੇ ਮੈਂਬਰਾਂ ਨੇ ਖੁੱਲ੍ਹੇ ਅਸਮਾਨ ਵਿੱਚ ਛੱਡ ਦਿੱਤਾ ਹੈ।