ਪੀ ਏ ਯੂ ’ਚ ਸਰਬ ਭਾਰਤੀ ਭਾਸ਼ਾ ਵਿਗਿਆਨ ਤੇ ਲੋਕਧਾਰਾ ਕਾਨਫਰੰਸ
11ਵੀਂ ਸਰਬ ਭਾਰਤੀ ਭਾਸ਼ਾ ਵਿਗਿਆਨ ਅਤੇ ਲੋਕਧਾਰਾ ਕਾਨਫਰੰਸ ਅੱਜ ਪੀਏਯੂ ਵਿੱਚ ਸ਼ੁਰੂ ਹੋ ਗਈ। ਇਹ ਕਾਨਫਰੰਸ ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ, ਪੰਜਾਬੀ ਲੋਕਧਾਰਾ ਅਕੈਡਮੀ ਅਤੇ ਡਾ. ਸੁਰਜੀਤ ਪਾਤਰ ਚੇਅਰ ਵੱਲੋਂ ਕਰਵਾਈ ਜਾ ਰਹੀ ਹੈ। ਇਸ ਤਿੰਨ ਰੋਜ਼ਾ ਕਾਨਫਰੰਸ ਵਿਚ ਦੇਸ਼ ਭਰ ਤੋਂ ਸੱਭਿਆਚਾਰ, ਭਾਸ਼ਾ ਵਿਗਿਆਨ ਅਤੇ ਲੋਕਧਾਰਾ ਦੇ ਖੋਜੀ ਅਤੇ ਮਾਹਿਰ ਸ਼ਾਮਿਲ ਹੋ ਰਹੇ ਹਨ। ਰਾਸ਼ਟਰ ਦੀ ਸਿਰਜਣਾ ਲਈ ਭਾਸ਼ਾ ਅਤੇ ਸੱਭਿਆਚਾਰ ਦਾ ਕਾਰਜ ਅਤੇ ਇਸਦੇ ਕੌਮੀ ਸਿੱਖਿਆ ਨੀਤੀ ਸੰਦਰਭਾਂ ਬਾਰੇ ਕਰਵਾਈ ਜਾ ਰਹੀ ਇਸ ਕਾਨਫਰੰਸ ਦਾ ਉਦਘਾਟਨ ਉੱਘੇ ਅਰਥਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਸ਼ਾਮਿਲ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਆਰੰਭਕ ਸ਼ੈਸਨ ਦੌਰਾਨ ਕੁੰਜੀਵਤ ਭਾਸ਼ਣ ਅਮਰਜੀਤ ਗਰੇਵਾਲ ਨੇ ਦਿੱਤਾ।
ਡਾ. ਜਗਦੀਪ ਨੇ ਕਿਹਾ ਕਿ ਭਾਸ਼ਾ ਵਿਗਿਆਨ ਮਨੁੱਖ ਦੀਆਂ ਪੁਰਾਤਤਵ ਸੰਬੰਧੀ ਰੁਚੀਆਂ ਅਤੇ ਇਤਿਹਾਸ ਬਾਰੇ ਬਣੀਆਂ ਧਾਰਨਾਵਾਂ ਨੂੰ ਨਵਿਆਉਣ ਦਾ ਗਿਆਨ ਹੈ। ਅਮਰਜੀਤ ਗਰੇਵਾਲ ਨੇ ਕੁੰਜੀਵਤ ਭਾਸ਼ਣ ਦਿੰਦਿਆਂ ਕੁਝ ਮੁੱਖ ਮੁੱਦੇ ਅਤੇ ਸਵਾਲ ਪੇਪਰ ਪੇਸ਼ ਕਰਨ ਵਾਲੇ ਅਤੇ ਬਹਿਸ ਦਾ ਹਿੱਸਾ ਬਣਨ ਵਾਲੇ ਖੋਜੀਆਂ ਅਤੇ ਵਿਦਵਾਨਾਂ ਅੱਗੇ ਰੱਖੇ। ਇਸ ਸ਼ੈਸਨ ਨੂੰ ਅਲੀਗੜ ਮੁਸਲਿਮ ਯੂਨੀਵਰਸਿਟੀ ਦੇ ਡਾ. ਐੱਮ ਜੇ ਅੱਬਾਸੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਾ. ਸੁਰਜੀਤ ਪਾਤਰ ਬਾਰੇ ਲਿਖੀ ਕਿਤਾਬ ਨੂੰ ਲੋਕ ਅਰਪਿਤ ਕੀਤਾ ਗਿਆ। ਅੰਤ ਵਿਚ ਧੰਨਵਾਦ ਦੇ ਸ਼ਬਦ ਡਾ. ਜਗਦੀਸ਼ ਕੌਰ ਨੇ ਕਹੇ। ਸਮਾਰੋਹ ਦਾ ਸੰਚਾਲਨ ਸਹਿਯੋਗੀ ਪ੍ਰੋਫੈਸਰ ਡਾ. ਸੁਮੇਧਾ ਭੰਡਾਰੀ ਨੇ ਕੀਤਾ।
ਸਭਿਅਤਾ ਦੀ ਵਿਰਾਸਤ ਨੂੰ ਅੱਗੇ ਤੋਰਦੀ ਹੈ ਲੋਕਧਾਰਾ: ਡਾ. ਜੌਹਲ
ਡਾ. ਜੌਹਲ ਨੇ ਕਿਹਾ ਕਿ ਸੱਭਿਤਾਵਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਵਿਚ ਲੋਕਧਾਰਾ ਅਹਿਮ ਭੂਮਿਕਾ ਨਿਭਾਉਂਦੀ ਹੈ। ਲੋਕਧਾਰਾ ਦਾ ਅਧਿਐਨ ਹੀ ਕਿਸੇ ਸਮਾਜ ਦੇ ਨਿਰਮਾਣ ਅਤੇ ਉਸਾਰੀ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂੰ ਕਰਵਾਉਂਦਾ ਹੈ। ਉਹਨਾਂ ਕਿਹਾ ਕਿ ਜਿੱਥੇ ਆਧੁਨਿਕ ਯੁੱਗ ਵਿਚ ਜੀਵਨ ਦੇ ਸਾਰੇ ਸਰੋਕਾਰਾਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾ ਰਿਹਾ ਹੈ, ਉਥੇ ਭਾਸ਼ਾ ਦਾ ਵਿਗਿਆਨਕ ਦ੍ਰਿਸ਼ਟੀਕੋਣ ਜਾਨਣਾ ਵੀ ਲਾਜ਼ਮੀ ਹੋ ਜਾਂਦਾ ਹੈ। ਡਾ. ਜੌਹਲ ਨੇ ਵਿਸ਼ੇਸ਼ ਜ਼ੋਰ ਦੇ ਕੇ ਭਾਸ਼ਾ ਦੇ ਵਿਗਿਆਨਕ ਅਧਿਐਨ ਰਾਹੀਂ ਸਮਾਜ ਦੀ ਦਸ਼ਾ ਅਤੇ ਦਿਸ਼ਾ ਦੀ ਵਾਕਫ਼ੀ ਸਬੰਧੀ ਇਤਿਹਾਸਕ ਦ੍ਰਿਸ਼ਟੀਕੋਣ ਦੀ ਵਕਾਲਤ ਕੀਤੀ।
ਪੀ.ਏ.ਯੂ. ਖੇਡਾਂ, ਸਾਹਿਤ ਅਤੇ ਸੱਭਿਆਚਾਰ ਦਾ ਕੇਂਦਰ: ਡਾ ਗੋਸਲ
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੀ.ਏ.ਯੂ. ਖੇਡਾਂ, ਸਾਹਿਤ ਅਤੇ ਸੱਭਿਆਚਾਰ ਦਾ ਕੇਂਦਰ ਰਿਹਾ ਹੈ। ਇਸ ਸੰਸਥਾ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੰਭਾਲ ਲਈ ਬੇਹੱਦ ਮੁੱਲਵਾਨ ਕਾਰਜ ਨੂੰ ਅੰਜਾਮ ਦਿੱਤਾ ਹੈ। ਇਸ ਨੇ ਬਹੁਤ ਸਾਰੇ ਲੇਖਕ, ਕਵੀ, ਚਿੱਤਰਕਾਰ ਅਤੇ ਸੱਭਿਆਚਾਰ ਕਰਮੀ ਪੈਦਾ ਕੀਤੇ੍ਟ ਇਹਨਾਂ ਵਿਚ ਕੁਲਵੰਤ ਸਿੰਘ ਵਿਰਕ, ਗੁਲਜ਼ਾਰ ਸਿੰਘ ਸੰਧੂ, ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਗਿੱਲ ਅਤੇ ਡਾ. ਜਸਵਿੰਦਰ ਭੱਲਾ ਪ੍ਰਮੁੱਖ ਹਨ।