ਐਡਵੋਕੇਟ ਘੁੰਮਣ ਨੂੰ ਉਮੀਦਵਾਰ ਬਣਾਉਣ ’ਤੇ ਅਕਾਲੀ ਵਰਕਰ ਬਾਗੋ ਬਾਗ
ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਬਨਾਉਣ ਨਾਲ ਅਕਾਲੀ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਉਨ੍ਹਾਂ ਦਾ ਪਾਰਟੀ ਵਿੱਚ ਹਰ ਆਗੂ ਅਤੇ ਖਾਸ ਕਰਕੇ ਲੁਧਿਆਣਾ ਦੀ ਲੀਡਰਸ਼ਿਪ ਅਤੇ ਵਰਕਰਾਂ ਵਿੱਚ ਚੰਗਾ ਆਧਾਰ ਹੈ।
ਸ੍ਰੀ ਘੰਮਣ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪੰਜ ਵਾਰ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਹ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਅਤੇ ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਵੀ ਰਹੇ ਹਨ।
ਅੱਜ ਉਮੀਦਵਾਰ ਦਾ ਐਲਾਨ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਉਹ ਇਹ ਚੋਣ ਸ਼ਾਨ ਨਾਲ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਉਣਗੇ ਅਤੇ ਹਲਕੇ ਦੇ ਵਿਕਾਸ ਲਈ ਦਿਨ-ਰਾਤ ਇੱਕ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਹਲਕਾ ਵਿਕਾਸ ਪੱਖੋਂ ਫਾਡੀ ਹੈ ਕਿਉਂਕਿ ‘ਆਪ’ ਝੂਠਾ ਪ੍ਰਚਾਰ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ ਕਰ ਰਹੀ। ਉਨ੍ਹਾਂ ਅਕਾਲੀ ਦਲ ਦੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਸਾਰੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਇਕਜੁੱਟ ਹੋ ਕੇ ਚੋਣ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਸਾਬਕਾ ਕੌਂਸਲਰਾਂ ਸਮੇਤ ਲੁਧਿਆਣਾ ਦੇ ਸਾਰੇ ਸੀਨੀਅਰ ਆਗੂਆਂ ਨਾਲ ਵਿਸਥਾਰਤ ਵਿਚਾਰ ਵਟਾਂਦਰਾ ਕਰਦਿਆਂ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਹੈ।\B \Bਇੱਥੇ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਸਭ ਤੋਂ ਪਹਿਲਾਂ ਇਸ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਸੀ ਜਦਕਿ ਪ੍ਰਦੇਸ਼ ਕਾਂਗਰਸ ਵੱਲੋਂ ਦੋ ਵਾਰ ਦੇ ਵਿਧਾਇਕ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਅਕਾਲੀ ਦਲ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਗਠਨ \B
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਚੋਣ ਮੁਹਿੰਮ ਚਲਾਉਣ ਲਈ ਇੱਕ ਪੰਜ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਹੈ। ਇਸ ਪੰਜ ਮੈਂਬਰੀ ਕਮੇਟੀ ਦੇ ਕੋਆਰਡੀਨੇਟਰ ਡਾ: ਦਲਜੀਤ ਸਿੰਘ ਚੀਮਾ ਹੋਣਗੇ ਜਦਕਿ ਕਮੇਟੀ ਵਿੱਚ ਸਾਬਕਾ ਮੰਤਰੀ ਹੀਰਾ ਸਿੰਘ ਗਾਬੜ੍ਹੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਐਡਵੋਕੇਟ ਹਰੀਸ਼ ਰਾਏ ਢਾਂਡਾ ਅਤੇ ਪ੍ਰਿਤਪਾਲ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
ਹੁਣ ਸਭ ਦੀਆਂ ਨਜ਼ਰਾਂ ਭਾਜਪਾ ਵੱਲ
‘ਆਪ’, ਕਾਂਗਰਸ ਤੇ ਅਕਾਲੀ ਦਲ ਵੱਲੋਂ ਉਮੀਦਵਾਰ ਦਾ ਐਲਾਨ ਕਰਨ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਭਾਰਤੀ ਜਨਤਾ ਪਾਰਟੀ ’ਤੇ ਟਿਕੀਆਂ ਹੋਈਆਂ ਹਨ। ਭਾਜਪਾ ਹਾਈ ਕਮਾਂਡ ਉਮੀਦਵਾਰ ਬਾਰੇ ਫ਼ੈਸਲਾ ਕਰਨ ਤੋਂ ਪਹਿਲਾਂ ਲੋਕਲ ਲੀਡਰਸ਼ਿਪ ਨਾਲ ਮੀਟਿੰਗਾਂ ਕਰ ਰਹੀ ਹੈ ਅਤੇ ਪੂਰੀ ਸੋਚ ਵਿਚਾਰ ਤੋਂ ਬਾਅਦ ਹੀ ਉਮੀਦਵਾਰ ਦਾ ਐਲਾਨ ਕਰੇਗੀ ਕਿਉਂਕਿ ਭਾਜਪਾ ਇਸ ਚੋਣ ਨੂੰ ਸੈਮੀਫਾਈਨਲ ਵਜੋਂ ਵੇਖ ਰਹੀ ਹੈ। ਹੁਣ ਤੱਕ ਦੀ ਵਿਚਾਰ ਤੋਂ ਬਾਅਦ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਰਾਸ਼ੀ ਹੇਮ ਰਾਜ ਅਗਰਵਾਲ, ਫ਼ਿਲਮੀ ਕਲਾਕਾਰ ਹੌਬੀ ਧਾਲੀਵਾਲ ਅਤੇ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦੇ ਨਾਮ ਸਾਹਮਣੇ ਆਏ ਹਨ ਪਰ ਅੰਤਿਮ ਐਲਾਨ ਇਸੇ ਹਫ਼ਤੇ ਹੋਣ ਦੀ ਸੰਭਾਵਨਾ ਹੈ।