ਅਕਾਲੀ ਦਲ ਵੱਲੋਂ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ ਅੱਜ
ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਵੱਲੋਂ 2027 ਦੀ ਚੋਣ ਜਿੱਤਣ ਲਈ ਕੀਤੀ ਗਈ ਇਤਰਾਜ਼ਯੋਗ ਬਿਆਨਬਾਜ਼ੀ ਦੇ ਵਿਰੋਧ ਵਿੱਚ ਅਕਾਲੀ ਦਲ ਵੱਲੋਂ 18 ਅਗਸਤ ਨੂੰ ਦੁਪਿਹਰ 12.00 ਵਜੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਫਿਰੋਜ਼ਪੁਰ ਰੋਡ ’ਤੇ ਮਨੀਸ਼ ਸਿਸੋਦਿਆ ਦਾ ਪੁਤਲਾ ਫ਼ੂਕਣ ਦਾ ਐਲਾਨ ਕੀਤਾ ਗਿਆ ਹੈ।
ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਮਨੀਸ਼ ਸਿਸੋਦੀਆ ਨੇ ਕੈਮਰੇ ਦੇ ਸਾਹਮਣੇ ਭਗਵੰਤ ਮਾਨ ਅਤੇ ਅਮਨ ਅਰੋੜੇ ਦੀ ਹਾਜ਼ਰੀ ਵਿੱਚ ਔਰਤਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ 2027 ਵਿੱਚ ਸੱਤਾ ਪ੍ਰਾਪਤ ਕਰਨ ਲਈ ਧੋਖੇ, ਝੂਠ, ਝੂਠੇ ਵਾਅਦੇ ਅਤੇ ਘਟੀਆ ਚਾਲਾਂ - ਦੰਗੇ, ਹਿੰਸਾ, ਪੈਸੇ ਦੀ ਖੇਡ, ਲੜਾਈ ਝਗੜਾ ਕਰਨ ਦੀ ਮਨਸ਼ਾ ਪੇਸ਼ ਕੀਤੀ ਹੈ। ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਹੈ ਕਿ ਪੰਜਾਬ ਵਿੱਚ ਡੇਰਾ ਲਾਈ ਬੈਠੇ 'ਆਪ' ਦੇ ਦਿੱਲੀ ਵਾਲੇ ਮਹਿਮਾਨਾਂ ਨੇ ਝਾੜੂ ਛੱਡ ਡਾਂਗ ਚੁੱਕਣ ਵੱਲ ਇਸ਼ਾਰਾ ਕਰਕੇ ਪੰਜਾਬੀਆਂ ਦੀ ਅਣਖ ਨੂੰ ਵੰਗਾਰਿਆ ਹੈ।
ਉਨ੍ਹਾਂ ਕਿਹਾ ਕਿ ਭਵਿੱਖ ’ਚ ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਣ ਵਾਲੀਆਂ ਹਨ ਅਤੇ ਤਰਨ ਼ਤਾਰਨ ਜ਼ਿਮਨੀ ਚੋਣ ਸਿਰ ਉਪਰ ਹੈ। ਇਸ ਤੋਂ ਇਲਾਵਾ 2027 ਦੀਆਂ ਚੋਣਾਂ ਲਈ ਤਿਆਰੀਆਂ ਹੋ ਰਹੀਆਂ ਹਨ। ਅਜਿਹੇ ਮੌਕੇ ਸਿਸੋਦੀਆ ਦਾ ਪੰਜਾਬੀਆਂ ’ਚ ਟਕਰਾ ਪੈਦਾ ਕਰਨ ਵਾਲੇ ਭੜਕਾਊ ਬਿਆਨ ਦਾ ਅਮਲ ਰੋਕਣ ਲਈ ਇਸ ਖ਼ਿਲਾਫ਼ ਜਿਥੇ ਕਾਰਵਾਈ ਹੋਣੀ ਚਾਹੀਦੀ ਹੈ।
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ’ਤੇ ਪੰਜਾਬ ’ਚ ਦਿੱਤੇ ਆਪਰਾਧਿਕ ਉਕਸਾਹਟ ਵਾਲੇ ਭਾਸ਼ਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ, ਜੋ ਪਹਿਲਾਂ ਹੀ ਸ਼ਰਾਬ ਘੋਟਾਲੇ ਦੇ ਮਾਮਲਿਆਂ ’ਚ ਜ਼ਮਾਨਤ ’ਤੇ ਬਾਹਰ ਹੈ, ਵੀਡੀਓ ’ਚ ਖੁੱਲ੍ਹੇਆਮ ਪਾਰਟੀ ਦੀਆਂ ਔਰਤਾਂ ਨੂੰ 2027 ਦੀਆ ਪੰਜਾਬ ਵਿਧਾਨ ਸਭਾ ਚੋਣਾਂ ’ਤੇ ਕਬਜ਼ਾ ਕਰਨ ਲਈ ਗੈਰ ਸੰਵਿਧਾਨਕ ਤਰੀਕੇ ਵਰਤਣ ਦੀ ਸਲਾਹ ਦੇ ਰਿਹਾ ਹੈ।