ਅਕਾਲੀ ਦਲ ਵਾਰਸ ਪੰਜਾਬ ਦੇ ਦੀ ਮੀਟਿੰਗ
ਅਕਾਲੀ ਦਲ ‘ਵਾਰਸ ਪੰਜਾਬ ਦੇ’ ਦੀ ਅੱਜ ਇੱਥੇ ਹੋਈ ਮੀਟਿੰਗ ਦੌਰਾਨ ਸਾਬਕਾ ਵਿਧਾਇਕ ਬਾਬੂ ਅਜੀਤ ਕੁਮਾਰ ਦਾ ਪੁੱਤਰ, ਆਜ਼ਾਦ ਸਮਾਜ ਪਾਰਟੀ ਪੰਜਾਬ ਦਾ ਸਾਬਕਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਤੇ ਟਕਸਾਲੀ ਆਗੂ ਹਰਪਾਲ ਸਿੰਘ ਕੋਹਲੀ ਸਣੇ ਕਈ ਆਗੂ ਅੱਜ ਦਰਜਨਾਂ ਸਾਥੀਆਂ ਸਮੇਤ ਦਲ ਵਿੱਚ ਸ਼ਾਮਲ ਹੋ ਗਏ ਹਨ।
ਭਾਈ ਰਣਧੀਰ ਸਿੰਘ ਨਗਰ ਸਥਿਤ ਕਮਿਊਨਿਟੀ ਸੈਂਟਰ ਵਿੱਚ ਹੋਈ ਮੀਟਿੰਗ ਦੌਰਾਨ ਪ੍ਰਧਾਨ ਤਰਸੇਮ ਸਿੰਘ ਖਾਲਸਾ, ਪਰਮਜੀਤ ਸਿੰਘ ਜੌਹਲ, ਜਸਕਰਨ ਸਿੰਘ ਕਾਹਨ ਮਸਿੰਘ ਵਾਲਾ, ਕਾਬਲ ਸਿੰਘ ਸਾਹਿਜਾਦੀ, ਬੀਬੀ ਸਤਨਾਮ ਕੌਰ ਪਟਿਆਲਾ ਸ਼ਾਮਲ ਹੋਏ।
ਇਸ ਮੌਕੇ ਰਾਜੀਵ ਕੁਮਾਰ ਲਵਲੀ, ਜਥੇਦਾਰ ਹਰਪਾਲ ਸਿੰਘ ਕੋਹਲੀ ਤੋਂ ਇਲਾਵਾ ਲਖਵਿੰਦਰ ਸਿੰਘ ਗੁੱਜਰਵਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਾਂਗਰਸ ਪਾਰਟੀ, ਇੰਦਰਜੀਤ ਸਿੰਘ ਐਡਵੋਕੇਟ ਸਾਬਕਾ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ, ਰਜਿੰਦਰ ਸ਼ਰਮਾ ਪ੍ਰਧਾਨ ਆਪਣਾ ਸੰਘਰਸ਼ ਕਿਸਾਨ ਏਕਤਾ ਪਾਰਟੀ ਪੰਜਾਬ ਸਣੇ ਵੱਡੀ ਗਿਣਤੀ ਵਿਅਕਤੀਆਂ ਨੂੰ ਬਾਪੂ ਤਰਸੇਮ ਸਿੰਘ ਸਮੇਤ ਹੋਰ ਆਗੂਆਂ ਨੇ ਪਾਰਟੀ ਵਿੱਚ ਸ਼ਾਮਲ ਕੀਤਾ।
ਇਸ ਦੌਰਾਨ ਸੰਬੋਧਨ ਕਰਦਿਆਂ ਤਰਸੇਮ ਸਿੰਘ ਨੇ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਪੰਜਾਬ ਵਿੱਚ ਬਣੀਆਂ ਹਨ ਉਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਨ ਤੋਂ ਇਲਾਵਾ ਕੁੱਝ ਨਹੀਂ ਕੀਤਾ ਜਦਕਿ ਹੁਣ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ, ਪੰਜਾਬ ਦੇ ਸ਼ਾਨਾਮਤੀ ਇਤਿਹਾਸ ਨੂੰ ਦੁਬਾਰਾ ਬਰਕਰਾਰ ਕਰੇਗੀ ਅਤੇ ਸਾਰੇ ਧਰਮਾਂ ਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਪੰਜਾਬ ਦੇ ਲੋਕਾਂ ਨੂੰ ਦੇਵੇਗੀ।
ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਪਰਮਜੀਤ ਸਿੰਘ ਜੌਹਲ ਅਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਮੰਨ ਚੁੱਕੇ ਹਨ। ਕਾਬਲ ਸਿੰਘ ਸਾਹਿਜਾਦੀ ਅਤੇ ਬੀਬੀ ਸਤਨਾਮ ਕੌਰ ਪਟਿਆਲਾ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਨੂੰ ਲੁੱਟਣ ਲਈ ਤਰਲੋਮੱਛੀ ਹੋ ਰਹੀਆਂ ਹਨ।
ਜਥੇਦਾਰ ਜਸਵੰਤ ਸਿੰਘ ਚੀਮਾ ਨੇ ਕਿਹਾ ਕਿ ਭਾਈ ਅੰਮ੍ਰਿਤ ਪਾਲ ਸਿੰਘ ਦੀ ਚੜ੍ਹਤ ਤੋਂ ਡਰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣ ਰਹੀਆਂ। ਬੀਬੀ ਸਾਜੀਆ ਨੇ ਕਿਹਾ ਕਿ ਮੁਸਲਿਮ ਭਾਈਚਾਰਾ ਹਰ ਤਰ੍ਹਾਂ ਨਾਲ ਪਾਰਟੀ ਦੀ ਮਜ਼ਬੂਤੀ ਲਈ ਤਿਆਰ ਹੈ।
ਬਲਵਿੰਦਰ ਸਿੰਘ ਲਸੋਈ ਨੇ ਸਟੇਜ ਸਕੱਤਰ ਦੀ ਸੇਵਾ ਕਰਦਿਆਂ ਕਿਹਾ ਕਿ ਪੂਰਾ ਪੰਜਾਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਆਗੂ ਮੰਨ ਚੁੱਕਾ ਹੈ। ਕਾਰਜਕਾਰਨੀ ਮੈਂਬਰ ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਵਫ਼ਾਦਾਰੀ ਦਿੱਲੀ ਨਾਲ ਹੈ ਸਿਰਫ਼ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਵਫ਼ਾਦਾਰ ਹੈ।