ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਧਰਨਾ ਜਾਰੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਸਟੂਡੈਂਟ ਐਸੋਸੀਏਸ਼ਨ ਦੀ ਅਗਵਾਈ ਵਿੱਚ ਚੱਲ ਰਿਹਾ ਧਰਨਾ ਅੱਜ 32ਵੇਂ ਦਿਨ ਵੀ ਜਾਰੀ ਰਿਹਾ। ਅੱਜ ਵਿਦਿਆਰਥੀਆਂ ਨੇ ਮੀਟਿੰਗ ਕਰਕੇ ਧਰਨੇ ਦੀ ਅਗਲੇਰੀ ਰਣਨੀਤੀ ਬਾਰੇ ਚਰਚਾ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਕੀਤਾ ਜਾ ਰਿਹਾ ਵਤੀਰਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਉਹ ਛੇ ਮਹੀਨੇ ਵੀ ਧਰਨਾ ਲਾ ਕੇ ਬੈਠੇ ਰਹਿਣਗੇ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਇਨ੍ਹਾਂ ਵਿਦਿਆਰਥੀਆਂ ਦੇ ਇੱਕ ਵਫ਼ਦ ਵੱਲੋਂ ਪਿਛਲੇ ਦਿਨੀਂ ਚੀਫ ਸੈਕਟਰੀ ਪੰਜਾਬ ਏ ਐੱਸ ਸਿਨਹਾ ਨਾਲ ਮੀਟਿੰਗ ਕੀਤੀ ਸੀ ਅਤੇ ਆਪਣੀਆਂ ਮੰਗਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ। ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਹ 17 ਵਾਰ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਲਟਕਦੀਆਂ ਆ ਰਹੀਆਂ ਹਨ। ਇਨ੍ਹਾਂ ਵਿਦਿਆਰਥੀਆਂ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਪਹਿਲ ਦੇ ਆਧਾਰ ’ਤੇ ਭਰਨ, ਪਿੰਡਾਂ ਵਿੱਚ ਖੇਤੀਬਾੜੀ ਡਾਕਟਰ ਰੱਖਣ, ਸਕੂਲਾਂ ਵਿੱਚ ਖੇਤੀਬਾੜੀ ਦਾ ਵਿਸ਼ਾ ਲਾਜ਼ਮੀ ਕਰਨ ਅਤੇ ਖੇਤੀਬਾੜੀ ਮਾਸਟਰ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ। ਅੱਜ ਵਿਦਿਆਰਥੀਆਂ ਨੇ ਆਪਸੀ ਮੀਟਿੰਗ ਦੌਰਾਨ ਵੱਖ-ਵੱਖ ਨਾਅਰੇ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ।
