ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਦਾ ਧਰਨਾ ਜਾਰੀ
ਇਥੇ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਪੰਜਾਬ ਵੱਲੋਂ ਖੇਤੀਬਾੜੀ ਵਿਭਾਗ ਅਤੇ ਇਸ ਨਾਲ ਜੁੜੇ ਹੋਰ ਮਹਿਕਮਿਆਂ ਵਿੱਚ ਖਾਲੀਆਂ ਅਸਾਮੀਆਂ ਦੀ ਭਰਤੀ ਦੀ ਮੰਗ ਨੂੰ ਲੈ ਕੇ ਲਗਾਇਆ ਗਿਆ ਧਰਨਾ ਅੱਜ 23ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਅੱਜ ਵਿਦਿਆਰਥੀਆ ਦੇ ਸੰਘਰਸ਼ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ (ਪੀ ਡੀ ਐੱਸ ਏ) ਪੰਜਾਬ ਵਲੋਂ ਪ੍ਰਧਾਨ ਡਾ. ਹਰਮਨਦੀਪ ਸਿੰਘ ਘੁੰਮਣ , ਡਾ. ਮਨਜਿੰਦਰ ਸਿੰਘ , ਡਾ. ਰਾਣਾ ਗੁਰਲਵਲੀਨ ਸਿੰਘ ਅਤੇ ਸਾਥੀ ਧਰਨੇ ਵਿੱਚ ਪਹੁੰਚ ਕੇ ਵਿਦਿਆਰਥੀਆਂ ਦੇ ਸੰਘਰਸ਼ ਦੀ ਹਿਮਾਇਤ ਕਰਦਿਆ ਹਰ ਸਮੇਂ ਨਾਲ ਖੜਨ ਦਾ ਭਰੋਸਾ ਦਿੱਤਾ ਅਤੇ ਵਿੱਤੀ ਸਹਾਇਤਾ ਦਿੱਤੀ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਹਾਲੇ ਤੱਕ ਨਾ ਹੀ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਤੇ ਨਾ ਹੀ ਕੋਈ ਅਧਿਕਾਰੀ ਧਰਨੇ ‘ਤੇ ਪਹੁੰਚਿਆ ਹੈ। ਇਸ ਤੋਂ ਸਾਫ਼ ਹੈ ਕਿ ਸਰਕਾਰ ਨੂੰ ਨਾ ਖੇਤੀਬਾੜੀ ਦੀ ਚਿੰਤਾ ਹੈ ਤੇ ਨਾ ਹੀ ਉਹਨਾਂ ਵਿਦਿਆਰਥੀਆਂ ਦੀ, ਜੋ ਰਾਤਾਂ ਸੜਕਾਂ ‘ਤੇ ਕੱਟ ਰਹੇ ਹਨ।
ਐਸੋਸੀਏਸ਼ਨ ਨੇ ਕਿਹਾ ਕਿ ਸਰਕਾਰ ਦੀ ਇਹ ਨਲਾਇਕੀ ਅਤੇ ਇਹ ਵਿਵਹਾਰ ਸੂਬੇ ਦੇ ਖੇਤੀਬਾੜੀ ਭਵਿੱਖ ਪ੍ਰਤੀ ਉਸਦੀ ਅਸਲੀ ਸੋਚ ਨੂੰ ਬੇਨਕਾਬ ਕਰਦੀ ਹੈ। ਜੇ ਹਾਲਾਤ ਅਜਿਹੇ ਹੀ ਰਹੇ ਤਾਂ ਵਿਦਿਆਰਥੀ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ।