ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਵੱਲੋਂ ਕਿਸਾਨ ਮੇਲੇ ਦੌਰਾਨ ਪ੍ਰਦਰਸ਼ਨ
ਪੀਏਯੂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਦਿਆਰਥੀ ਐਸੋਸੀਏਸ਼ਨ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਮਨਵਾਉਣ ਲਈ ਧਰਨੇ ’ਤੇ ਬੈਠੇ ਵਿਦਿਆਰਥੀਆਂ ਨੇ ਵਾਅਦੇ ਅਨੁਸਾਰ ਅੱਜ ਕਿਸਾਨ ਮੇਲੇ ਵਿੱਚ ਆਏ ਮੁੱਖ ਮਹਿਮਾਨ ਨਾਲ ਮੀਟਿੰਗ ਨਾ ਕਰਵਾਉਣ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਬੀਤੇ ਦਿਨ ਕੀਤੇ ਫੈਸਲੇ ਅਨੁਸਾਰ ਅੱਜ ਕਾਲੀਆਂ ਪੱਟੀਆਂ ਬੰਨ੍ਹ ਕੇ ਮੇਲੇ ਵਿੱਚ ਆਏ ਕਿਸਾਨਾਂ ਨੂੰ ਪਰਚੇ ਵੰਡੇ ਅਤੇ ਚੌਂਕਾਂ ਵਿੱਚ ਖੜ੍ਹੇ ਹੋ ਕੇ ਮੰਗਾਂ ਵਾਲੇ ਬੈਨਰ ਦਿਖਾਏ।
ਸਰਕਾਰੀ ਸਕੂਲਾਂ ਵਿੱਚ ਖੇਤੀਬਾੜੀ ਅਧਿਆਪਕ, ਪਿੰਡਾਂ ਵਿੱਚ ਖੇਤੀਬਾੜੀ ਡਾਕਟਰ ਅਤੇ ਖੇਤੀਬਾੜੀ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਵਾਉਣ ਦੀ ਮੰਗ ਕਰਕੇ ਪਿਛਲੇ ਤਿੰਨ ਦਿਨਾਂ ਤੋਂ ਪੀਏਯੂ ਵਿੱਚ ਧਰਨਾ ਦੇ ਰਹੇ ਵਿਦਿਆਰਥੀਆਂ ਨੇ ਅੱਜ ਵੀ ਰੋਸ ਪ੍ਰਦਰਸ਼ਨ ਕੀਤਾ। ਧਰਨੇ ਨੂੰ ਸੰਬੋਧਨ ਕਰਨ ਵਾਲੇ ਵਿਦਿਆਰਥੀ ਆਗੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਵੀ ’ਵਰਸਿਟੀ ਅਧਿਕਾਰੀ ਉਨ੍ਹਾਂ ਨੂੰ ਮਿਲਣ ਨਹੀਂ ਆਇਆ। ਬੀਤੀ ਸ਼ਾਮ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਕਿਸਾਨ ਮੇਲੇ ਦੇ ਪਹਿਲੇ ਦਿਨ ਆਉਣ ਵਾਲੇ ਮੁੱਖ ਮਹਿਮਾਨ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਈ ਜਾਵੇਗੀ ਪਰ ਅੱਜ ਉਹ ਸਾਰਾ ਦਿਨ ਮੀਟਿੰਗ ਦੀ ਉਡੀਕ ਕਰਦੇ ਰਹੇ ਪਰ ਮੀਟਿੰਗ ਨਹੀਂ ਕਰਵਾਈ ਗਈ। ਜਿਸ ਕਰਕੇ ਵਿਦਿਆਰਥੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਵਿਦਿਆਰਥੀਆਂ ਦੇ ਵਫਦ ਦੀ ’ਵਰਸਿਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਮੇਲੇ ਦੇ ਦੂਜੇ ਦਿਨ ਆਉਣ ਵਾਲੇ ਮੁੱਖ ਮਹਿਮਾਨ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਅੱਜ ਉਹਨਾਂ ਨੇ ਕੀਤੇ ਫੈਸਲੇ ਅਨੁਸਾਰ ਕਾਲੀਆਂ ਪੱਟੀਆਂ ਬੰਨ੍ਹ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਅਤੇ ਮੇਲੇ ਵਿੱਚ ਆਏ ਕਿਸਾਨਾਂ ਨੂੰ ਆਪਣੀਆਂ ਮੰਗਾਂ ਵਾਲੇ ਪਰਚੇ ਵੰਡੇ। ਉਨ੍ਹਾਂ ਦੱਸਿਆ ਕਿ ਇਸ ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਵਿਧਾਇਕ ਪਰਗਟ ਸਿੰਘ ਸਮੇਤ ਹੋਰਨਾਂ ਨੇ ਵੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਵੀ ਖੇਤੀਬਾੜੀ ਵਿਭਾਗ, ਮੰਡੀ ਬੋਰਡ, ਬਾਗਬਾਨੀ ਵਿਭਾਗ, ਮਾਰਕਫੈਡ, ਪਨਸੀਡ ਸਮੇਤ ਹੋਰਨਾਂ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਤੁਰੰਤ ਭਰਨਲਈ ਆਖਿਆ ਹੈ।