ਪ੍ਰਸ਼ਾਸਨ ਨੇ ਰੋਕੀਆਂ ਅਖ਼ਬਾਰਾਂ ਵਾਲੀਆਂ ਗੱਡੀਆਂ
ਸਥਾਨਕ ਪੁਲੀਸ ਵੱਲੋਂ ਅੱਜ ਸਵੇਰੇ ਚੰਡੀਗੜ੍ਹ ਅਤੇ ਜਲੰਧਰ ਤੋਂ ਛੱਪਦੀਆਂ ਅਖਬਾਰਾਂ ਦੀਆਂ ਗੱਡੀਆਂ ਜਾਂਚ ਪੜਤਾਲ ਬਹਾਨੇ ਰੋਕੇ ਜਾਣ ਕਾਰਨ ਅੱਜ ਲੋਕਾਂ ਨੂੰ ਅਖਬਾਰਾਂ ਸਵੇਰੇ ਕਈ ਘੰਟੇ ਦੇਰੀ ਨਾਲ ਮਿਲੀਆਂ। ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਅਖ਼ਬਾਰਾਂ ਦੀ ਸਪਲਾਈ ਦੇ ਮੁੱਖ ਕੇਂਦਰ ਚੌਕ ਘੰਟਾ ਘਰ ਵਿੱੱਚ ਥਾਣਾ ਕੋਤਵਾਲੀ ਦੀ ਪੁਲੀਸ ਸਣੇ ਹੋਰ ਥਾਣਿਆਂ ਦੀ ਪੁਲੀਸ ਵੱਲੋਂ ਜਲੰਧਰ ਅਤੇ ਚੰਡੀਗੜ੍ਹ ਵੱਲੋਂ ਆਉਣ ਵਾਲੀਆਂ ਅਖਬਾਰਾਂ ਦੀਆਂ ਗੱਡੀਆਂ ਰੋਕੀਆਂ ਗਈਆਂ। ਭਾਰੀ ਪੁਲੀਸ ਫੋਰਸ ਸਣੇ ਸਾਰੀਆਂ ਗੱਡੀਆਂ ਦੀ ਜਾਂਚ ਪੜਤਾਲ ਕੀਤੀ ਗਈ।
ਇਸ ਦੌਰਾਨ ਅਖ਼ਬਾਰਾਂ ਦੇ ਬੰਡਲ ਗੱਡੀਆਂ ਵਿੱਚੋਂ ਕੱਢ ਕੇ ਬਾਹਰ ਰੱਖੇ ਗਏ ਅਤੇ ਬੰਡਲਾਂ ਵਿੱਚ ਰੱਖੀਆਂ ਅਖ਼ਬਾਰਾਂ ਸਿਵਲ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪੜ੍ਹਨ ਤੋਂ ਬਾਅਦ ਰਿਲੀਜ਼ ਕੀਤੀਆਂ ਗਈਆਂ। ਇਸ ਮੌਕੇ ਥਾਣਾ ਕੋਤਵਾਲੀ ਦੇ ਇੰਚਾਰਜ ਸੁਲੱਖਣ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਆਈ ਇੰਟੈਲੀਜੈਂਸ ਇਨਪੁੱਟ ਦੇ ਆਧਾਰ ’ਤੇ ਅਖ਼ਬਾਰਾਂ ਦੀਆਂ ਗੱਡੀਆਂ ਰੋਕੀਆਂ ਗਈਆਂ ਹਨ, ਜਿਨ੍ਹਾਂ ਨੂੰ ਪੜਤਾਲ ਉਪਰੰਤ ਛੱਡ ਦਿੱਤਾ ਗਿਆ ਹੈ।
ਅੱਜ ਸਵੇਰੇ ਅਖ਼ਬਾਰ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਅਖ਼ਬਾਰਾਂ 9 ਵਜੇ ਤੋਂ ਬਾਅਦ ਲੋਕਾਂ ਤੱਕ ਪੁੱਜੀਆਂ। ਏ ਡੀ ਸੀ ਪੀ ਸਮੀਰ ਵਰਮਾ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਜਾਰੀ ਕੀਤੇ ਅਲਰਟ ਮੁਤਾਬਿਕ ਅਖ਼ਬਾਰਾਂ ਦੀਆਂ ਗੱਡੀਆਂ ਰੋਕੀਆਂ ਗਈਆਂ ਹਨ। ਇਸ ਦੌਰਾਨ ਇੱਕ ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਸੁਰੱਖਿਆ ਅਮਲੇ ਵੱਲੋਂ ਗੱਡੀਆਂ ਰੋਕ ਕੇ ਅਖ਼ਬਾਰਾਂ ਵਿੱਚ ਛਪੀਆਂ ਖਬਰਾਂ ਦੀ ਪੜਤਾਲ ਉਪਰੰਤ ਗੱਡੀਆਂ ਰਵਾਨਾ ਕੀਤੀਆਂ ਗਈਆਂ ਹਨ। ਇਸ ਦੌਰਾਨ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਭਗਵੰਤ ਮਾਨ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਹਲਕਾ ਦੱਖਣੀ ਦੇ ਇੰਚਾਰਜ ਕਾਂਗਰਸੀ ਆਗੂ ਈਸ਼ਵਰਜੋਤ ਸਿੰਘ ਚੀਮਾ ਨੇ ਇਸ ਕਾਰਵਾਈ ਨੂੰ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਖ਼ਬਾਰਾਂ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਲਈ ਇਹ ਕਾਰਵਾਈ ਕੀਤੀ ਗਈ ਹੈ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਸਰਕਾਰ ਵਿਰੁੱਧ ਲੱਗੀਆਂ ਖ਼ਬਰਾਂ ਲੋਕਾਂ ਤੱਕ ਪੁੱਜਣ।
ਇਸ ਦੌਰਾਨ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੇ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਮੰਗ ਕੀਤੀ ਹੈ ਕਿ ਸਾਰੇ ਮਾਮਲੇ ਦੀ ਉੱਚ ਪਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੰਟੈਲੀਜਸ ਇਨਪੁੱਟ ਦਾ ਬਹਾਨਾ ਬਣਾ ਕੇ ਪ੍ਰਸ਼ਾਸਨ ਵੱਲੋਂ ਅਖ਼ਬਾਰਾਂ ਵਿੱਚ ਛਪੀਆਂ ਖਬਰਾਂ ਦੀ ਪੜਤਾਲ ਉਪਰੰਤ ਅਖ਼ਬਾਰਾਂ ਦੀਆਂ ਗੱਡੀਆਂ ਛੱਡੀਆਂ ਗਈਆਂ ਹਨ।
