ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ
ਜ਼ਿਲ੍ਹਾ ਪੁਲੀਸ ਕਮਿਸ਼ਨਰ ਦੀ ਅਗਵਾਈ ਹੇਠ ਸੜਕ ਸੁਰੱਖਿਆ ਅਤੇ ਜ਼ਿੰਮੇਵਾਰ ਡਰਾਈਵਿੰਗ ਨੂੰ ਧਿਆਨ ਵਿੱਚ ਰੱਖਦਿਆਂ ਹਫ਼ਤੇ ਦੇ ਅਖੀਰਲੇ ਦਿਨਾਂ ਦੌਰਾਨ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਤਹਿਤ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਹਨ। ਬੀਤੇ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ ਟ੍ਰੈਫਿਕ ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਵੱਖ-ਵੱਖ ਚੌਰਾਹਿਆਂ ਅਤੇ ਰਾਤ ਨੂੰ ਭੀੜ ਵਾਲੇ ਇਲਾਕਿਆਂ ’ਚ ਤਾਇਨਾਤ ਰਹੀਆਂ, ਜਿਨ੍ਹਾਂ ਵੱਲੋਂ ਬਰੀਥ ਐਨਾਲਾਈਜ਼ਰ ਨਾਲ ਡਰਾਈਵਰਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਕੋਤਾਹੀ ਕਰਨ ਵਾਲੇ 93 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ।
ਕਮਿਸ਼ਨਰ ਆਫ਼ ਪੁਲੀਸ ਸਵਪਨ ਸ਼ਰਮਾ ਅਤੇ ਏ ਡੀ ਸੀ ਪੀ ਟ੍ਰੈਫਿਕ, ਗੁਰਪ੍ਰੀਤ ਕੌਰ ਪੁਰੇਵਾਲ ਦੀ ਦੇਖ-ਰੇਖ ਹੇਠ ਚਲਾਈ ਗਈ ਇਸ ਮੁਹਿੰਮ ਦੀ ਜ਼ਮੀਨੀ ਪੱਧਰ ’ਤੇ ਏ ਸੀ ਪੀ ਟ੍ਰੈਫਿਕ ਇੱਕ ਜਤਿਨ ਬਾਂਸਲ, ਅਤੇ ਏਸੀਪੀ ਟ੍ਰੈਫਿਕ ਦੋ ਗੁਰਦੇਵ ਸਿੰਘ ਵੱਲੋਂ ਨਿਗਰਾਨੀ ਕੀਤੀ ਗਈ। ਇਸ ਦੌਰਾਨ ਕਮਿਸ਼ਨਰ ਆਫ਼ ਪੁਲੀਸ ਸਵਪਨ ਸ਼ਰਮਾ ਨੇ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣਾ ਸਿਰਫ਼ ਕਾਨੂੰਨ ਦੀ ਉਲੰਘਣਾ ਨਹੀਂ, ਸਗੋਂ ਇਹ ਹੋਰ ਲੋਕਾ ਦੀ ਜ਼ਿੰਦਗੀ ਲਈ ਵੀ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਅਜਿਹੀ ਮੁਹਿੰਮ ਹਫ਼ਤੇ ਦੇ ਅਖੀਰ ਤੇ ਖ਼ਾਸ ਮੌਕਿਆਂ ’ਤੇ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇ ਸ਼ਰਾਬ ਪੀਣੀ ਹੋਵੇ ਤਾਂ ਕੈਬ ਜਾਂ ਨਿਯੁਕਤ ਡਰਾਈਵਰ ਦੀ ਵਰਤੋਂ ਕਰਨ। ਪੁਲੀਸ ਦਾ ਮਕਸਦ ਸਜ਼ਾ ਦੇਣਾ ਨਹੀਂ, ਸਗੋਂ ਜਾਨਾਂ ਬਚਾਉਣਾ ਹੈ।
