ਫਿਰੌਤੀ ਲੈਣ ਆਇਆ ਮੁਲਜ਼ਮ ਪੁਲੀਸ ਮੁਕਾਬਲੇ ’ਚ ਜ਼ਖ਼ਮੀ
ਇਸ ਸਬੰਧੀ ਪ੍ਰੈੱਸ ਕਾਨਫਰੰਸ ਮੌਕੇ ਡੀ ਸੀ ਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਤਾਜਪੁਰ ਰੋਡ ਸਥਿਤ ਆਰ ਕੇ ਜਿਊਲਰੀ ਦੇ ਮਾਲਕ ਸਚਿਨ ਨੂੰ ਮੁਲਜ਼ਮ ਵੱਲੋਂ ਵਟਸਐਪ ਕਾਲ ਕੀਤੀ ਗਈ ਸੀ। ਮੁਲਜ਼ਮ ਨੇ ਖ਼ੁਦ ਨੂੰ ਅੰਮ੍ਰਿਤ ਦਾਲਮ ਗਰੁੱਪ ਦਾ ਮੈਂਬਰ ਦੱਸਦਿਆਂ ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਸੀ। ਮੁਲਜ਼ਮ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। ਸਚਿਨ ਨੇ ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਜਿਸ ’ਤੇ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਦਾਲਮ ਗਰੁੱਪ ਦੇ ਇੱਕ ਅਣਪਛਾਤੇ ਮੈਂਬਰ ਵਿਰੁੱਧ ਕੇਸ ਦਰਜ ਕੀਤਾ। ਜਦੋਂ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਮੁਲਜ਼ਮ ਨੇ ਦੁਬਾਰਾ ਫੋਨ ਕੀਤਾ ਅਤੇ ਪੈਸੇ ਦੀ ਮੰਗ ਕੀਤੀ। ਮੁਲਜ਼ਮ ਨੇ ਉਸ ਨੂੰ ਦੱਸਿਆ ਕਿ ਉਸਦੇ ਦੋ ਸਾਥੀ ਪੈਸੇ ਲੈਣ ਲਈ ਆਉਣਗੇ। ਉਹ ਸਮਰਾਲਾ ਚੌਕ ਤੋਂ ਦਿੱਲੀ ਜਾਣ ਵਾਲੀ ਸੜਕ ’ਤੇ ਬਿਨਾਂ ਪਲੇਟ ਦੇ ਮੋਟਰਸਾਈਕਲ ’ਤੇ ਖੜ੍ਹੇ ਹੋਣਗੇ ਅਤੇ ਕਾਲਾ ਬੈਗ ਲੈ ਕੇ ਆਉਣਗੇ। ਸਚਿਨ ਨੇ ਪੁਲੀਸ ਨੂੰ ਸਭ ਕੁਝ ਦੱਸਿਆ। ਪੁਲੀਸ ਨੇ ਸਚਿਨ ਨੂੰ ਇੱਕ ਫਟੀ ਹੋਈ ਥੈਲੀ ਦਿੱਤੀ ਅਤੇ ਉਸ ਵਿੱਚ ਪੈਸੇ ਪਾ ਦਿੱਤੇ।
ਪੁਲੀਸ ਉੱਤੇ ਗੋਲੀਆਂ ਚਲਾਈਆਂ
ਪੁਲੀਸ ਯੋਜਨਾ ਅਨੁਸਾਰ ਟੀਮਾਂ ਨੇ ਇਲਾਕੇ ਨੂੰ ਘੇਰ ਲਿਆ। ਜਦੋਂ ਸਚਿਨ ਪੈਸੇ ਵਾਲਾ ਬੈਗ ਦੇਣ ਗਿਆ ਤਾਂ ਪੁਲੀਸ ਨੇ ਮੁਲਜ਼ਮਾਂ ਨੂੰ ਘੇਰਾ ਪਾ ਲਿਆ। ਜਦੋਂ ਥਾਣਾ ਡਿਵੀਜ਼ਨ 7 ਦੇ ਐੱਸ ਐੱਚ ਓ ਇੰਸਪੈਕਟਰ ਗਗਨਦੀਪ ਨੇ ਮੁਲਜ਼ਮਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਚਿਤਾਵਨੀ ਵੀ ਦਿੱਤੀ ਪਰ ਮੁਲਜ਼ਮਾਂ ਨੇ ਗੱਲ ਨਹੀਂ ਸੁਣੀ ਅਤੇ ਪੁਲੀਸ ’ਤੇ ਪੰਜ ਗੋਲੀਆਂ ਚਲਾਈਆਂ। ਪੁਲੀਸ ਨੇ ਜਵਾਬੀ ਗੋਲੀਬਾਰੀ ਕੀਤੀ ਜਿਸ ਦੌਰਾਨ ਕੁਝ ਗੋਲੀਆਂ ਮੋਟਰਸਾਈਕਲ ’ਤੇ ਲੱਗੀਆਂ ਅਤੇ ਮੁਲਜ਼ਮ ਰੋਹਿਨ ਮਸੀਹ ਦੀ ਲੱਤ ’ਤੇ ਲੱਗ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਕੇ ਡਿੱਗ ਗਿਆ ਜਦਕਿ ਦੂਜਾ ਮੁਲਜ਼ਮ ਭੱਜ ਗਿਆ। ਪੁਲੀਸ ਮੁਤਾਬਕਗ੍ਰਿਫ਼ਤਾਰ ਮੁਲਜ਼ਮ ਦੇ ਕਬਜ਼ੇ ਵਿੱਚੋਂ .32 ਬੋਰ ਦਾ ਦੇਸੀ ਰਿਵਾਲਵਰ, ਦੋ ਕਾਰਤੂਸ ਅਤੇ ਪੰਜ ਖੋਲ੍ਹ ਬਰਾਮਦ ਹੋਏ ਹਨ। ਪੁਲੀਸ ਨੇ ਇੱਕ ਬਿਨਾਂ ਨੰਬਰ ਵਾਲੀ ਬਾਈਕ, ਇੱਕ ਕਾਲਾ ਬੈਗ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।
