ਦੋਸਤ ਨੂੰ ਨਸ਼ੇ ਦਾ ਟੀਕਾ ਲਗਾ ਕੇ ਮਾਰਨ ਦਾ ਦੋਸ਼
ਇਥੇ ਸਾਹਨੇਵਾਲ ਪਿੰਡ ਦੇ ਰੁੜਕਾ ਇਲਾਕੇ ਵਿੱਚ ਪੁਲੀਸ ਨੇ ਚਾਰ ਦੋਸਤਾਂ ਖ਼ਿਲਾਫ਼ ਇਕ ਦੋਸਤ ਨੂੰ ਨਸ਼ੇ ਦਾ ਟੀਕਾ ਲਗਾ ਕੇ ਮਾਰ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਿੰਦਰ ਵਜੋਂ ਹੋਈ ਹੈ। ਗੁਰਿੰਦਰ ਦੇ ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ਜਾਂਚ ਤੋਂ ਬਾਅਦ ਸਾਹਨੇਵਾਲ ਥਾਣੇ ਨੇ ਗੁਰਿੰਦਰ ਦੇ ਪਿਤਾ ਰਛਪਾਲ ਸਿੰਘ ਦੀ ਸ਼ਿਕਾਇਤ ’ਤੇ ਗੁਰਿੰਦਰ ਦੇ ਦੋਸਤਾਂ ਨਵਦੀਪ ਸਿੰਘ, ਅਮਰਦੀਪ ਸਿੰਘ, ਟੈਣਾ ਅਤੇ ਦੀਪਕ ਵਿਰੁੱਧ ਕੇਸ ਦਰਜ ਕੀਤਾ ਹੈ।
ਮ੍ਰਿਤਕ ਗੁਰਿੰਦਰ ਸਿੰਘ ਦੇ ਪਿਤਾ ਰਛਪਾਲ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ’ਚ ਦੱਸਿਆ ਕਿ ਗੁਰਿੰਦਰ ਆਪਣੇ ਘਰ ਬੈਠਾ ਸੀ, ਇਸ ਦੌਰਾਨ ਉਸ ਦੇ ਚਾਰ ਦੋਸਤ ਨਵਦੀਪ ਸਿੰਘ, ਅਮਰਦੀਪ ਸਿੰਘ, ਟੈਣਾ ਅਤੇ ਦੀਪਕ ਆਏ ਤੇ ਉਸ ਨੂੰ ਘਰੋਂ ਲੈ ਗਏ। ਜਦੋਂ ਗੁਰਿੰਦਰ ਕਾਫ਼ੀ ਦੇਰ ਤੱਕ ਵਾਪਸ ਨਹੀਂ ਆਇਆ ਤਾਂ ਰਛਪਾਲ ਸਿੰਘ ਉਸ ਨੂੰ ਲੱਭਣ ਗਿਆ। ਇਸੇ ਦੌਰਾਨ ਜਦੋਂ ਉਹ ਜਸਪਾਲ ਬਾਂਗੜ ਇਲਾਕੇ ਵਿੱਚ ਇੱਕ ਖਾਲੀ ਪਲਾਟ ਕੋਲ ਪੁੱਜਿਆ ਤਾਂ ਉਥੇ ਗੁਰਿੰਦਰ ਦੇ ਚਾਰੋਂ ਦੋਸਤ ਉਸ ਦੇ ਪੁੱਤਰ ਦੀ ਬਾਂਹ ਵਿੱਚ ਨਸ਼ੀਲੇ ਪਦਾਰਥ ਦਾ ਟੀਕਾ ਲਗਾ ਰਹੇ ਸਨ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਹ ਭੱਜ ਗਏ। ਥੋੜ੍ਹੀ ਦੇਰ ਵਿੱਚ ਹੀ ਗੁਰਿੰਦਰ ਦੀ ਸਿਹਤ ਵਿਗੜਨ ਲੱਗੀ। ਰਛਪਾਲ ਸਿੰਘ ਆਪਣੇ ਪੁੱਤਰ ਨੂੰ ਮਲੇਰਕੋਟਲਾ ਰੋਡ ’ਤੇ ਪਿੰਡ ਗਿੱਲ ਦੇ ਨੇੜੇ ਹਸਪਤਾਲ ਲੈ ਗਿਆ, ਜਿੱਥੇ ਇਲਾਜ ਦੌਰਾਨ ਉਸ ਦੇ ਪੁੱਤਰ ਦੀ ਮੌਤ ਹੋ ਗਈ। ਏ ਐੱਸ ਆਈ ਸਾਧੂ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
