ਮੁਲਜ਼ਮ ਡੇਢ ਕਿੱਲੋ ਅਫੀਮ ਤੇ ਕਰੇਟਾ ਗੱਡੀ ਸਣੇ ਕਾਬੂ
ਦਾਖਾ ਪੁਲੀਸ ਨੇ ਇਕ ਮੁਲਜ਼ਮ ਨੂੰ ਡੇਢ ਕਿੱਲੋ ਤੋਂ ਵਧੇਰੇ ਅਫੀਮ ਅਤੇ ਕਰੇਟਾ ਗੱਡੀ ਸਮੇਂ ਉਦੋਂ ਕਾਬੂ ਕੀਤਾ ਜਦੋਂ ਉਹ ਕਿਸੇ ਨੂੰ ਅਫੀਮ ਦੇਣ ਲਈ ਜਾ ਰਿਹਾ ਸੀ। ਜਾਂਚ ਅਧਿਕਾਰੀ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਏ ਐਸ ਆਈ ਬਲਜੀਤ ਸਿੰਘ ਤੇ ਤਿੰਨ ਹੋਰ ਮੁਲਾਜ਼ਮਾਂ ਨਾਲ ਮੰਡੀ ਮੁੱਲਾਂਪੁਰ ਕੋਲ ਨਾਕੇ 'ਤੇ ਮੌਜੂਦ ਸੀ। ਇਸੇ ਦੌਰਾਨ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਰਾਏਕੋਟ ਨੇੜਲੇ ਕਸਬਾ ਬੱਸੀਆਂ ਦਾ ਰਹਿਣ ਵਾਲਾ ਜਸਵੀਰ ਸਿੰਘ ਜੱਸੀ ਆਪਣੀ ਕਰੇਟਾ ਕਾਰ ਪੀਬੀ 10 ਐੱਚਵੀ 9768 ’ਤੇ ਪਿੰਡ ਢੱਟ ਵੱਲੋਂ ਗਾਹਕਾਂ ਨੂੰ ਅਫੀਮ ਦੀ ਡਲਿਵਰੀ ਦੇਣ ਜਾ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲੀਸ ਪਾਰਟੀ ਨੇ ਪਿੰਡ ਢੱਟ ਦੇ ਪੁਲ ਨੇੜੇ ਨਾਕਾਬੰਦੀ ਕੀਤੀ। ਉਨ੍ਹਾਂ ਦੱਸਿਆ ਕਿ ਜਸਵੀਰ ਜੱਸੀ ਕਸਬਾ ਬੱਸੀਆਂ ਵਿੱਚ ਚਾਹਪੱਤੀ ਦੀ ਦੁਕਾਨ ਕਰਦਾ ਹੈ। ਉਹ ਚਾਹ ਦੇ ਲਿਫਾਫਿਆਂ ਵਿੱਚ ਲੁਕਾ ਕੇ ਹੀ ਅਫੀਮ ਦੀ ਸਪਲਾਈ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕਾਫੀ ਸਮੇਂ ਤੋਂ ਅਫੀਮ ਤਸਕਰੀ ਨਾਲ ਜੁੜਿਆ ਹੋਇਆ ਹੈ। ਪੁਲੀਸ ਨੇ ਮੁਲਜ਼ਮ ਪਾਸੋਂ ਇਕ ਕਿੱਲੋ 600 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਅਤੇ ਨਾਲ ਹੀ ਕਰੇਟਾ ਗੱਡੀ ਵੀ ਕਬਜ਼ੇ ਵਿੱਚ ਲੈ ਲਈ ਹੈ। ਇਸ ਸਬੰਧੀ ਥਾਣਾ ਦਾਖਾ ਵਿਖੇ ਜਸਵੀਰ ਸਿੰਘ ਜੱਸੀ ਵਾਸੀ ਬੱਸੀਆਂ ਖ਼ਿਲਾਫ਼ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।