ਸਲੇਮ ਟਾਬਰੀ ’ਚ ਹੋਏ ਕਤਲ ਦੇ ਮਾਮਲੇ ’ਚ ਮੁਲਜ਼ਮ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜੁਲਾਈ
ਥਾਣਾ ਸਲੇਮ ਟਾਬਰੀ ਦੇ ਇਲਾਕੇ ਨਿਊ ਕਰਤਾਰ ਨਗਰ ਦੇ ਇੱਕ ਘਰ ਵਿੱਚੋਂ ਮਿਲੀ ਸੋਨਮ ਜੈਨ ਦੀ ਕੱਟੀ ਵੱਢੀ ਲਾਸ਼ ਸਬੰਧੀ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੰਜੀਵ ਕੁਮਾਰ ਉਰਫ਼ ਕਾਕੂ ਵਾਸੀ 30 ਫੁੱਟਾ ਰੋਡ ਅਮਨ ਨਗਰ ਚਰਚ ਵਾਲੀ ਗਲੀ ਸਲੇਮ ਟਾਬਰੀ ਵਜੋਂ ਹੋਈ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਪੁਲੀਸ ਸਿਟੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਇਲਾਕੇ ਵਿੱਚੋਂ ਪ੍ਰਾਪਤ ਹੋਈਆਂ ਸੀਸੀਟੀਵੀ ਕੈਮਰਿਆਂ ਦੀਆਂ ਵੀਡੀਓਜ਼ ਮ੍ਰਿਤਕਾ ਸੋਨਮ ਜੈਨ ਦੇ ਪਤੀ ਸੁਰਿੰਦਰ ਕੁਮਾਰ ਨੂੰ ਦਿਖਾਈਆਂ। ਉਨ੍ਹਾਂ ਵੀਡੀਓ ਦੇਖ ਕੇ ਮਸ਼ਕੂਕ ਦੀ ਪੜਤਾਲ ਕੀਤੀ ਤਾਂ ਉਕਤ ਮੁਲਜ਼ਮ ਤੱਕ ਪਹੁੰਚ ਹੋਈ। ਸੁਰਿੰਦਰ ਨੇ ਦੱਸਿਆ ਕਿ ਉਸ ਦੀ ਪਤਨੀ ਲੋਕਾਂ ਨੂੰ ਵਿਆਜ਼ ’ਤੇ ਪੈਸੇ ਦਿੰਦੀ ਸੀ ਤੇ ਸੰਜੀਵ ਕੁਮਾਰ ਨੇ ਵੀ ਮ੍ਰਿਤਕਾ ਸੋਨਮ ਜੈਨ ਤੋਂ ਵਿਆਜ਼ ’ਤੇ ਪੈਸੇ ਲਏ ਸਨ। ਵਿਆਜ਼ ਦੀਆਂ ਕਈ ਕਿਸ਼ਤਾਂ ਟੁੱਟਣ ਕਾਰਨ ਸੋਨਮ ਜੈਨ ਨੇ ਸੰਜੀਵ ਕੁਮਾਰ ਤੇ ਉਸ ਦੀ ਮਾਂ ਨੂੰ ਮਾੜਾ ਚੰਗਾ ਬੋਲਿਆ ਸੀ। ਜਿਸ ਕਾਰਨ ਉਸ ਨੇ ਮ੍ਰਿਤਕ ਸੋਨਮ ਜੈਨ ਦਾ ਕਤਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸੰਜੀਵ ਕੁਮਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲੀਸ ਰਿਮਾਂਡ ਹਾਸਲ ਕਰਨ ਉਪਰੰਤ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ।