ਜਵੱਦੀ ਟਕਸਾਲ ਵਿੱਚ ਨਿੱਤਨੇਮ ਬਾਣੀਆਂ ਦਾ ਸਟੀਕ ਲੋਕ ਅਰਪਣ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਹੋਏ ਸਮਾਗਮ ਦੌਰਾਨ ਉੱਘੇ ਕਾਰੋਬਾਰੀ ਰਣਜੋਧ ਸਿੰਘ ਵੱਲੋਂ ਪ੍ਰਕਾਸ਼ਿਤ ਅਤੇ ਵਿਸਮਾਦ ਨਾਦ ਜਵੱਦੀ ਟਕਸਾਲ ਦੇ ਸਹਿ ਪ੍ਰਕਾਸ਼ਨ ਤਹਿਤ ਨਿੱਤਨੇਮ ਦੀਆਂ ਬਾਣੀਆਂ ਦਾ ਸਟੀਕ ਸੰਗਤ ਅਰਪਣ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਦੌਰਾਨ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸੰਤ ਹਰਭਜਨ ਸਿੰਘ ਢੁੱਡੀਕੇ, ਸੰਤ ਅਮੀਰ ਸਿੰਘ, ਡਾ. ਅਨੁਰਾਗ ਸਿੰਘ ਤੇ ਰਣਜੋਧ ਸਿੰਘ ਨੇ ਪੰਥਕ ਪ੍ਰੰਪਰਾ ਅਨੁਸਾਰ ਇਹ ਸਟੀਕ ਸੰਗਤ ਭੇਟਾ ਕੀਤਾ।
ਇਸ ਤੋਂ ਪਹਿਲਾਂ ਸੰਤ ਅਮੀਰ ਸਿੰਘ ਨੇ ਨਾਮ ਸਿਮਰਨ ਕਰਵਾਇਆ ਜਦਕਿ ਸੰਤ ਗਿਆਨੀ ਹਰਭਜਨ ਸਿੰਘ ਢੁੱਡੀਕੇ ਨੇ ਨਿੱਤਨੇਮ ਦੀਆਂ ਬਾਣੀਆਂ ਸਬੰਧੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਰਣਜੋਧ ਸਿੰਘ ਨੇ ਕਿਹਾ ਕਿ ਮਹਾਂਪੁਰਸ਼ ਸੰਤ ਗਿਆਨੀ ਮੋਹਨ ਸਿੰਘ ਭਿੰਡਰਾਂ ਵਾਲਿਆਂ ਦੀ ਸੰਗਤ ਵਿੱਚ ਉਨ੍ਹਾਂ ਗੁਰਬਾਣੀ ਦਾ ਅਧਿਐਨ ਕਰਕੇ ਇਹ ਕਾਰਜ ਸੰਤ ਗਿਆਨੀ ਹਰਭਜਨ ਸਿੰਘ ਢੁੱਡੀਕੇ ਦੀ ਦੇਖ ਰੇਖ ਹੇਠ ਸਿਰੇ ਚਾੜ੍ਹਿਆ ਹੈ। ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਕਿਹਾ ਕਿ ਗੁਰਬਾਣੀ ਲੋਕ ਅਤੇ ਪਰਲੋਕ ਨੂੰ ਸੁਧਾਰਨ ਅਤੇ ਸਮਾਜਿਕ ਤੌਰ ਤੇ ਜੀਵਨ ਨੂੰ ਉਚੇਰਾ ਕਰਨ ਲਈ ਅਗਵਾਈ ਕਰਦੀ ਹੈ।
ਸਿੱਖ ਵਿਦਵਾਨ ਡਾ. ਅਨੁਰਾਗ ਸਿੰਘ ਨੇ ਇਤਿਹਾਸ ਦੇ ਅਣਛੋਹੇ ਪੱਖਾਂ, ਸਾਹਮਣੇ ਆਉਂਦੀਆਂ ਕਮੀਆਂ ਅਤੇ ਵਿਗੜੇ ਜਾ ਰਹੇ ਪੱਖਾਂ ਤੋਂ ਸੰਗਤ ਨੂੰ ਹਲੂਣਾ ਦਿੱਤਾ। ਸੰਤ ਗਿਆਨੀ ਅਮੀਰ ਸਿੰਘ ਨੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਬਾਣੀ ਆਤਮਿਕ ਅਤੇ ਸਦਾਚਾਰਕ ਰਹਿਨੁਮਾਈ ਦਾ ਅਨਮੋਲ ਖਜ਼ਾਨਾ ਹੈ।