ਤਰਕਸ਼ੀਲ ਸੁਸਾਇਟੀ ਦੀ ਮੀਟਿੰਗ ’ਚ ਕੰਮਾਂ ਦਾ ਲੇਖਾ-ਜੋਖਾ
ਇਥੇ ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ) ਦੀ ਮੀਟਿੰਗ ਸਥਾਨਕ ਬੱਸ ਅੱਡਾ ਨੇੜੇ ਜ਼ੋਨ ਦਫ਼ਤਰ ਵਿੱਚ ਜ਼ੋਨ ਜਥੇਬੰਦਕ ਮੁਖੀ ਜਸਵੰਤ ਜ਼ੀਰਖ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਜ਼ੋਨ ਦੇ ਵਿਭਾਗੀ ਅਤੇ ਵੱਖ-ਵੱਖ ਇਕਾਈਆਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਜ਼ੋਨ ਦੀ ਹਰ ਸਰਗਰਮੀ ’ਚ ਹੜ੍ਹ ਪੀੜਤ ਸਹਾਇਤਾ ਇਕੱਠੀ ਕਰਨ, ਪੀ ਏ ਯੂ ਕਿਸਾਨ ਮੇਲਾ, ਤਰਕਸ਼ੀਲ ਪਰਖ ਪ੍ਰੀਖਿਆ ਆਦਿ ਨੂੰ ਸਫਲ ਬਣਾਉਣ ਲਈ ਸਾਰੀਆਂ ਇਕਾਈਆਂ ਦੀ ਭੂਮਿਕਾ ਸ਼ਲਾਘਾਯੋਗ ਰਹੀ। ਇਕਾਈ ਮੁਖੀਆਂ ਨੇ ਉਹਨਾਂ ਕੋਲ ਆਏ ਮਾਨਸਿਕ ਰੋਗਾਂ ਦੇ ਕੇਸਾਂ ਦੀਆਂ ਰਿਪੋਰਟਾਂ ਸਾਂਝੀਆਂ ਕੀਤੀਆਂ ਅਤੇ ਇਹਨਾਂ ਦੇ ਹੱਲ ਬਾਰੇ ਚਰਚਾ ਕੀਤੀ। ਜ਼ੋਨ ਦੀ ਸਾਲਾਨਾ ਇਕੱਤਰਤਾ ਇਸੇ ਮਹੀਨੇ ਕਰਨ ਦਾ ਫੈਸਲਾ ਕੀਤਾ ਗਿਆ। ਸੂਬਾ ਪੱਧਰੀ ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਵਿੱਚ ਚੰਗੀਆਂ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਦੇ ਇਨਾਮ ਵੰਡ ਸਮਾਗਮ ਇਕਾਈਆਂ ਦੇ ਆਪਣੇ ਪੱਧਰ ’ਤੇ ਤੈਅ ਕਰਨ ਦਾ ਫੈਸਲਾ ਕੀਤਾ ਗਿਆ। 25 ਦਸੰਬਰ ਨੂੰ ਜ਼ੋਨ ਪੱਧਰੀ ਵਰਕਸ਼ਾਪ ਜ਼ੋਨ ਦਫ਼ਤਰ ਵਿੱਚ ਕੀਤੀ ਜਾਵੇਗੀ। 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਮੌਕੇ ਜ਼ੋਨ ਦੇ ਸਭਿਆਚਾਰਕ ਵਿਭਾਗ ਵੱਲੋਂ ਇੱਕ ਨਾਟਕ ‘ਛਿਪਣ ਤੋਂ ਪਹਿਲਾਂ’ ਖੇਡਿਆ ਜਾਵੇਗਾ। ਮੀਟਿੰਗ ਦੌਰਾਨ ਮੈਗਜ਼ੀਨ ਤਰਕਸ਼ੀਲ ਦਾ ਨਵਾਂ ਨਵੰਬਰ-ਦਸੰਬਰ ਅੰਕ ਜਾਰੀ ਕਰਦਿਆਂ ਇਸ ਦੀ ਇਕਾਈਆਂ ਵਿੱਚ ਵੰਡ ਕੀਤੀ ਗਈ। ਇਸ ਮੀਟਿੰਗ ਵਿੱਚ ਸੂਬਾ ਸਾਹਿਤ ਵੈਨ ਮੁਖੀ ਮੋਹਨ ਬਡਲਾ, ਜ਼ੋਨ ਵਿੱਤ ਮੁਖੀ ਧਰਮਪਾਲ ਸਿੰਘ, ਜ਼ੋਨ ਸੱਭਿਆਚਾਰਿਕ ਮੁਖੀ ਸਮਸ਼ੇਰ ਨੂਰਪੁਰੀ, ਮਾਨਸਿਕ ਸਿਹਤ ਮੁਖੀ ਕਮਲਜੀਤ ਬੁਜਰਕ, ਸੁਧਾਰ ਇਕਾਈ ਮੁਖੀ ਧਰਮ ਸਿੰਘ ਸੂਜਾਪੁਰ, ਮਲਕੀਤ ਸਿੰਘ, ਮਲੇਰਕੋਟਲਾ ਮੁਖੀ ਪੂਰਨ ਸਿੰਘ, ਲੁਧਿਆਣਾ ਮੁਖੀ ਬਲਵਿੰਦਰ ਸਿੰਘ, ਕੁਹਾੜਾ ਇਕਾਈ ਤੋਂ ਮਾ ਰਾਜਿੰਦਰ ਜੰਡਿਆਲੀ ਸਣੇ ਮਨਜੀਤ ਘਣਗਸ ਤੇ ਪੰਚਮ ਜੰਡਿਆਲੀ ਸ਼ਾਮਲ ਸਨ।
