ਬੰਦੀ ਸਿੰਘਾਂ ਦੀ ਰਿਹਾਈ ਬਾਰੇ ‘ਆਪ’ ਦੀ ਦੋਗਲੀ ਨੀਤੀ ਜੱਗ-ਜ਼ਾਹਰ: ਕੋਹਲੀ
ਦੁੱਗਰੀ ਵਿੱਚ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਹਰਪਾਲ ਸਿੰਘ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ ਅਕਾਲੀ ਵਰਕਰਾਂ ਦੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪਾਰਟੀ ਦੇ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਰਾਜ ਸਭਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ ਜਦਕਿ ਦੂਜੇ ਪਾਸੇ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਖ਼ਤ ਕਾਨੂੰਨਾਂ ਹੇਠ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਡਾ. ਸਾਹਨੀ ਨੂੰ ਪਹਿਲਾਂ ਆਪਣੀ ਪਾਰਟੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਫ਼ੈਸਲਾ ਕਰ ਕੇ ਹੀ ਦੇਸ਼ ਦੀ ਜਨਤਾ ਸਾਹਮਣੇ ਸੱਚਾਈ ਰੱਖਣੀ ਚਾਹੀਦੀ ਹੈ। ਜਥੇਦਾਰ ਸ੍ਰੀ ਕੋਹਲੀ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਪੰਜਾਬ ’ਤੇ ਮੁੜ ਸੱਤਾ ਉਪਰ ਕਾਬਜ਼ ਹੋਣ ਲਈ ਕਈ ਤਰ੍ਹਾਂ ਦੇ ਘਟੀਆ ਹੱਥਕੰਡੇ ਵਰਤ ਰਹੀ ਹੈ। ਮੀਟਿੰਗ ਦੌਰਾਨ ਗਿਆਨੀ ਮਿਹਰ ਸਿੰਘ, ਸਰਬਜੀਤ ਸਿੰਘ ਕੋਛੜ, ਕੁਲਦੀਪ ਸਿੰਘ ਕੋਹਲੀ, ਰਵਿੰਦਰ ਸਿੰਘ ਮਿੰਟੂ, ਅਵਤਾਰ ਸਿੰਘ ਦੇਹਰਾਦੂਨ, ਰਣਜੀਤ ਸਿੰਘ ਖੱਟੜਾ, ਹਰਭਜਨ ਸਿੰਘ ਬਿੱਲਾ ਅਤੇ ਅਮਰਜੀਤ ਸਿੰਘ ਭਾਟੀਆ ਹਾਜ਼ਰ ਸਨ।
