‘ਆਪ’ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਅੱਖੋਂ-ਪਰੋਖੇ ਕੀਤਾ: ਜਵੰਦਾ
ਪੰਜਾਬ ਪਨਸ਼ਨਰ ਕਲਿਆਣ ਸੰਗਠਨ ਦੀ ਪੈਨਸ਼ਨਰ ਭਵਨ ਵਿੱਚ ਹੋਈ ਮਹੀਨਾਵਾਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਗਠਨ ਦੇ ਪ੍ਰਧਾਨ ਮੇਘ ਸਿੰਘ ਜਵੰਦਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਭਗ ਸਾਢੇ ਤਿੰਨ ਸਾਲ ਬੀਤਣ ਤੋਂ ਬਾਅਦ ਵੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕਰਕੇ ਉਨ੍ਹਾਂ ਨਾਲ ਵੱਡਾ ਨਾਲ ਧੋਖਾ ਕੀਤਾ ਹੈ। 16% ਡੀ ਏ ਅਤੇ 253 ਮਹੀਨਿਆਂ ਦੇ ਡੀ ਏ ਦਾ ਬਕਾਇਆ ਸਰਕਾਰ ਵੱਲ ਬਕਾਇਆ ਹੈ। ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦਾ ਅਧੂਰਾ ਨੋਟੀਫਿਕੇਸ਼ਨ ਜ਼ਾਰੀ ਕਰਕੇ ਮੁਲਾਜ਼ਮਾਂ ਨਾਲ ਫਰੇਬ ਕਮਾਇਆ ਹੈ। ਇਸ ਤੋਂ ਇਲਾਵਾ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਕੇਂਦਰ ਦੇ ਗਰੇਡ ਦਿੱਤੇ ਗਏ ਹਨ ,ਜੋ ਹਾਲੇ ਤੱਕ ਵੀ ਰੱਦ ਕਰਕੇ ਪੰਜਾਬ ਦੇ ਸਕੇਲ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ, ਮਜ਼ਦੂਰ, ਦੁਕਾਨਦਾਰ, ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਤੋਂ ਬੇਹੱਦ ਦੁਖੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਤਰਨ ਤਾਰਨ ਹਲਕੇ ਦੇ ਵੋਟਰ ਜ਼ਿਮਨੀ ਚੋਣ ਵਿੱਚ ‘ਆਪ’ ਸਰਕਾਰ ਨੂੰ ਸਬਕ ਜ਼ਰੂਰ ਸਿਖਾਉਣਗੇ। ਟੀ ਕੇ ਸ਼ਰਮਾ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸੰਘਰਸ਼ ਹੋਰ ਤਿੱਖਾ ਕਰਨ ਦੀ ਅਪੀਲ ਕੀਤੀ। ਰੋਸ਼ਨ ਲਾਲ ਅਰੋੜਾ ਨੇ ਕਿਹਾ ਕਿ ਏਕੇ ਅਤੇ ਸੰਘਰਸ਼ ਨਾਲ ਹੀ ਪ੍ਰਾਪਤੀਆਂ ਹੁੰਦੀਆਂ ਹਨ। ਮਾਸਟਰ ਕੁਲਭੂਸ਼ਣ, ਮਾਸਟਰ ਰਾਜੇਸ਼ ਕੁਮਾਰ ਵਡੇਰਾ, ਮਾਸਟਰ ਚਰਨਜੀਤ ਸਿੰਘ, ਮਾਸਟਰ ਦਲੀਪ ਸਿੰਘ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿੱਚ ਮਾਸਟਰ ਗੋਪਾਲ ਸਿੰਘ, ਕਮਲਜੀਤ, ਸੁਰਿੰਦਰ ਵਰਮਾ, ਰਤਨ ਲਾਲ, ਮੇਲਾ ਸਿੰਘ, ਸੁਨੀਲ ਕੁਮਾਰ, ਗੁਰਚਰਨ ਸਿੰਘ ਹਿੰਮਤ ਸਿੰਘ, ਲਾਭ ਸਿੰਘ ਕੋਟਲਾ ਸਮਸ਼ਪੁਰ, ਯਸਪਾਲ, ਕੈਸ਼ੀਅਰ ਪ੍ਰੇਮ ਨਾਥ, ਕੁਲਵੰਤ ਰਾਏ, ਨੇਤਰ ਸਿੰਘ ਨੇ ਹਿੱਸਾ ਲਿਆ।
