ਤਰਨ ਤਾਰਨ ਜ਼ਿਮਨੀ ਚੋਣ ਦੇ ਪ੍ਰਚਾਰ ’ਚ ਜੁਟੇ ‘ਆਪ’ ਆਗੂ
ਹਲਕਾ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਇੱਕ ਕਾਫ਼ਲਾ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਹਾਈਕਮਾਂਡ ਦੀ ਮੌਜੂਦਗੀ ਵਿਚ ‘ਆਪ’ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ, ਜਿੱਥੇ ਲੋਕਾਂ ਵਿੱਚ ਦਿਖ ਰਿਹਾ ਭਾਰੀ ਉਤਸ਼ਾਹ ਇਸ ਗੱਲ ਦਾ ਸਬੂਤ ਸੀ ਕਿ ਇਹ ਚੋਣ ਵੀ ਸ਼ਾਨ ਨਾਲ ਜਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਲਕਾ ਸਮਰਾਲਾ ਦੇ ਆਗੂਆਂ ਤੇ ਵਰਕਰਾਂ ਦੀ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਜਿਹੜੇ ਵੀ ਪਿੰਡ ਡਿਊਟੀ ਲਗਾਉਣੇ, ਉੱਥੇ ਪਾਰਟੀ ਦੀਆਂ ਨੀਤੀਆਂ ਦਾ ਡਟ ਕੇ ਪ੍ਰਚਾਰ ਕੀਤਾ ਜਾਵੇਗਾ। ਵਿਧਾਇਕ ਨੇ ਕਿਹਾ ਕਿ ਤਰਨ ਤਾਰਨ ਦੇ ਵੋਟਰ ਬਹੁਤ ਸੂਝਵਾਨ ਹਨ ਜੋ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਪੰਜਾਬ ਦਾ ਵਿਕਾਸ ‘ਆਪ’ ਸਰਕਾਰ ਮੌਕੇ ਹੋਇਆ ਅਤੇ ਜੋ ਗਾਰੰਟੀਆਂ ‘ਆਪ’ ਮੁਖੀ ਕੇਜਰੀਵਾਲ ਨੇ ਦਿੱਤੀਆਂ ਉਹ ਪੂਰੀਆਂ ਕਰਕੇ ਦਿਖਾਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਰਨਤਾਰਨ ਹਲਕੇ ਦੇ ਲੋਕਾਂ ਨਾਲ ਜੋ ਵਾਅਦਾ ਕਰਨਗੇ ਉਹ ਜ਼ਰੂਰ ਪੂਰਾ ਕਰਕੇ ਦਿਖਾਉਣਗੇ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ, ਕੌਂਸਲਰ ਜਗਮੀਤ ਮੱਕੜ, ਸਰਪੰਚ ਬਲਪ੍ਰੀਤ ਸਿੰਘ ਸ਼ਾਮਗੜ੍ਹ, ਚੇਅਰਮੈਨ ਮੇਜਰ ਸਿੰਘ ਬਾਲਿਓਂ, ਕਰਮਜੀਤ ਸਿੰਘ ਹੇੜੀਆਂ, ਪ੍ਰਵੀਨ ਮੱਕੜ, ਨਵਜੀਤ ਸਿੰਘ ਉਟਾਲਾਂ, ਗੁਰਦਰਸ਼ਨ ਸਿੰਘ ਕੂਹਲੀ, ਕਸ਼ਮੀਰੀ ਲਾਲ, ਜਗਤਾਰ ਸਿੰਘ ਹਰਬੰਸਪੁਰਾ, ਮਨਦੀਪ ਸਿੰਘ ਬਗਲੀ, ਸੰਨੀ ਬੌਂਦਲੀ, ਸਾਬਕਾ ਕੌਂਸਲਰ ਧੀਰਾ, ਚੇਅਰਮੈਨ ਧਰਮਵੀਰ ਵੀ ਮੌਜੂਦ ਸਨ।