ਪੂੰਜੀਪਤੀਆਂ ਦੇ ਇਸ਼ਾਰੇ ’ਤੇ ਚੱਲ ਰਹੀ ਹੈ ‘ਆਪ’: ਧਨੇਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਨਜ਼ਦੀਕੀ ਪਿੰਡ ਭਨੋਹੜ ਤੇ ਰੁੜਕਾ ਵਿੱਚ ‘ਜ਼ਮੀਨ ਬਚਾਉ ਪਾਣੀ ਬਚਾਉ’ ਮਹਾਰੈਲੀ ਦੀ ਤਿਆਰੀ ਲਈ ਮੀਟਿੰਗਾਂ ਕੀਤੀਆਂ ਗਈਆਂ। ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸਣੇ ਹੋਰ ਸੂਬਾਈ ਆਗੂ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ 24 ਅਗਸਤ ਨੂੰ ਭਰਵੀਂ ਗਿਣਤੀ ਵਿੱਚ ਔਰਤਾਂ ਤੇ ਮਰਦਾਂ ਨੂੰ ਸਮਰਾਲਾ ਮਹਾਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਰੈਲੀ ਇਤਿਹਾਸਕ ਹੋਵੇਗੀ। ਮੀਟਿੰਗਾਂ ਨੂੰ ਸੂਬਾ ਕਮੇਟੀ ਮੈਂਬਰ ਅਮਨਦੀਪ ਸਿੰਘ ਲਲਤੋਂ, ਸਰਪੰਚ ਰਣਵੀਰ ਸਿੰਘ ਰੁੜਕਾ, ਰਜਿੰਦਰ ਸਿੰਘ ਭੱਠਲ, ਅਜੀਤ ਸਿੰਘ ਧਾਂਦਰਾ ਅਤੇ ਬੰਤ ਸਿੰਘ ਧਾਂਦਰਾ ਆਦਿ ਨੇ ਵੀ ਸੰਬੋਧਨ ਕੀਤਾ।
ਸੂਬਾ ਪ੍ਰਧਾਨ ਧਨੇਰ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਅਧੀਨ ਜ਼ਮੀਨਾਂ ਖੋਹਣ ਦੀ ਕਾਰਵਾਈ ਕਾਰਪੋਰੇਟਾਂ ਦੇ ਇਸ਼ਾਰੇ ’ਤੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੀ ਕਿਸਾਨੀ ਨਾਲ ਮੱਥਾ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰ ਰਹੀ। ਅਮਨਦੀਪ ਸਿੰਘ ਲਲਤੋਂ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਜਥੇਬੰਦਕ ਏਕੇ ’ਤੇ ਵਿਸ਼ਵਾਸ ਰੱਖ ਕੇ ਲੜਾਈ ਦੇ ਮੈਦਾਨ ਵਿੱਚ ਨਿਤਰਨਾ ਚਾਹੀਦਾ ਹੈ। ਗੁਰਦੀਪ ਸਿੰਘ ਰਾਮਪੁਰਾ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ 12 ਅਗਸਤ ਨੂੰ ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦੀ 28ਵੀਂ ਬਰਸੀ ਮਨਾਉਣ ਲਈ ਹਜ਼ਾਰਾਂ ਔਰਤਾਂ ਅਤੇ ਮਰਦ ਮਹਿਲ ਕਲਾਂ ਦੀ ਦਾਣਾ ਮੰਡੀ ਵਿੱਚ ਪਹੁੰਚ ਕੇ ਔਰਤ ਵਰਗ ਦੀ ਮੁਕੰਮਲ ਮੁਕਤੀ ਤਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕਰਨਗੇ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਅਗਲੇ ਪ੍ਰੋਗਰਾਮ ਦਾ ਐਲਾਨ ਵੀ ਕੀਤਾ ਜਾਵੇਗਾ।
ਜਗਰਾਉਂ: ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕਰਮਜੀਤ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਐੱਸਕੇਐੱਮ ਦੇ ਦੇਸ਼ ਪੱਧਰੀ ਸੱਦੇ ਨੂੰ ਲਾਗੂ ਕਰਨ ਲਈ ਚਰਚਾ ਕੀਤੀ ਗਈ। ਫ਼ੈਸਲਾ ਕੀਤਾ ਗਿਆ ਕਿ 13 ਅਗਸਤ ਨੂੰ ਬਹੁ-ਕੌਮੀ ਕੰਪਨੀਆਂ ਭਾਰਤ ਛੱਡੋ ਦੇ ਨਾਅਰੇ ਤਹਿਤ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਜਾਣਗੇ ਅਤੇ ਨਾਲ ਹੀ 24 ਅਗਸਤ ਨੂੰ ਸਮਰਾਲਾ ਵਿੱਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਵਿੱਚ ਸ਼ਮੂਲੀਅਤ ਲਈ ਲਾਮਬੰਦੀ ਕੀਤੀ ਜਾਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਇਹ ਪ੍ਰੋਗਰਾਮ ਐੱਸਕੇਐੱਮ ਨੇ ਅਮਰੀਕਾ ਵੱਲੋਂ ਭਾਰਤ ਉੱਪਰ ਟੈਕਸ ਫਰੀ ਟਰੇਡ ਲਈ ਦਬਾਅ ਪਾਉਣ ਦੇ ਵਿਰੋਧ ਵਿੱਚ ਉਲੀਕਿਆ ਹੈ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਤੋਂ ਤੇਲ ਆਦਿ ਨਾ ਖ਼ਰੀਦੇ ਜਦੋਂਕਿ ਅਮਰੀਕਾ ਖ਼ੁਦ ਇਨ੍ਹਾਂ ਮੁਲਕਾਂ ਕੋਲੋਂ ਮੰਗਵਾ ਰਿਹਾ ਹੈ। ਐੱਸਕੇਐੱਮ ਨੇ ਇਹ ਵੀ ਮੰਗ ਕੀਤੀ ਹੈ ਕਿ ਅੱਜ ਤਕ ਜੋ ਵੀ ਅਜਿਹੇ ਸਮਝੌਤੇ ਹੋਏ ਹਨ ਪਾਰਲੀਮੈਂਟ ਰਿਵਿਊ ਕੀਤਾ ਜਾਵੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਅਮਰਜੀਤ ਸਿੰਘ ਢਿੱਲੋਂ, ਬੂਟਾ ਸਿੰਘ ਰਾਮਗੜ੍ਹ, ਸਾਬਕਾ ਸਰਪੰਚ ਅਮਰਜੀਤ ਸਿੰਘ ਚੱਕ ਭਾਈਕੇ, ਹਰਨੇਕ ਸਿੰਘ ਅੱਚਰਵਾਲ, ਕੁਲਵੰਤ ਸਿੰਘ ਖਾਲਸਾ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਮਲਕੀਤ ਸਿੰਘ, ਗੁਰਚਰਨ ਸਿੰਘ ਬਿੱਲੂ, ਦੀਪਾ ਮਾਣੂਕੇ ਆਦਿ ਸ਼ਾਮਲ ਹੋਏ।
ਕਿਸਾਨਾਂ ਵੱਲੋਂ ਭਲਕੇ ਫੂਕੇ ਜਾਣਗੇ ਪੁਤਲੇ
ਪਾਇਲ (ਦੇਵਿੰਦਰ ਸਿੰਘ ਜੱਗੀ): ਲੈਂਡ ਪੂਲਿੰਗ ਨੀਤੀ ਵਿਰੁੱਧ ਆਲ ਇੰਡੀਆ ਕਿਸਾਨ ਸਭਾ-1936 ਦੇ ਸੂਬਾ ਕੌਂਸਲ ਪ੍ਰਧਾਨ ਬਲਦੇਵ ਸਿੰਘ ਨਿਹਾਲਗੜ੍ਹ, ਵਰਕਿੰਗ ਪ੍ਰਧਾਨ ਮਹਾਂਬੀਰ ਸਿੰਘ ਗਿੱਲ ਅਤੇ ਜਨਰਲ ਸਕੱਤਰ ਬਲਕਰਨ ਬਰਾੜ ਦੀ ਅਗਵਾਈ ਵਿੱਚ ਮੀਟਿੰਗ ਹੋਈ। ਇਸ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ 24 ਅਗਸਤ ਦੀ ਸਮਰਾਲਾ ਰੈਲੀ ਦੀ ਤਿਆਰੀ ਸਬੰਧੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਕਿਸਾਨ ਮਾਰੂ ਨੀਤੀਆਂ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਨੂੰ ਨਿੱਤ ਦਿਹਾੜੇ ਧਮਕੀਆਂ ਦੇਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਧਾਰੀ ਚੁੱਪ ’ਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸੂਰਤ ਸਿੰਘ ਧਰਮਕੋਟ, ਕੁਲਵੰਤ ਸਿੰਘ ਮੌਲਵੀਵਾਲਾ, ਸੁਰਿੰਦਰ ਢੰਡੀਆਂ, ਪ੍ਰੈੱਸ ਸਕੱਤਰ ਬਲਕਾਰ ਸਿੰਘ ਵਲਟੋਹਾ ਅਤੇ ਜ਼ਿਲ੍ਹਾ ਪ੍ਰਧਾਨ ਜਸਵੀਰ ਝੱਜ ਨੇ ਦੱਸਿਆ ਕਿ ਉਪਰੋਕਤ ਮਸਲਿਆਂ ਦੇ ਨਾਲ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਡੀਏਪੀ ਖਾਦ ਦੀ ਕਥਿਤ ਕਾਲਾਬਾਜ਼ਾਰੀ ਤੋਂ ਵੀ ਕਿਸਾਨ ਦੁਖੀ ਹਨ। ਡੀਲਰਾਂ ਨੂੰ ਵੀ ਇਹ ਖਾਦ ਔਖੀ ਤੇ ਸ਼ਰਤਾਂ ਅਧੀਨ ਮਿਲਦੀ ਹੈ। ਇਸ ਲਈ ਖਾਦ ਦਾ ਸਮੁੱਚਾ ਪ੍ਰਬੰਧ ਸਰਕਾਰ ਨੂੰ ਆਪਣੇ ਹੱਥ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 13 ਅਗਸਤ ਨੂੰ ਡੋਨਲਡ ਟਰੰਪ, ਨਰਿੰਦਰ ਮੋਦੀ ਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ। ਆਗੂਆਂ ਨੇ ਕਿਹਾ ਕਿ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਨੌਜਵਾਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰੇ। ਇਸ ਮੌਕੇ ਲਖਵੀਰ ਸਿੰਘ ਨਿਜ਼ਾਮਪੁਰ, ਤਰਲੋਕ ਸਿੰਘ ਭਬਿਆਣਾ, ਚਮਕੌਰ ਸਿੰਘ ਬਰਮੀ, ਗੁਰਜੀਤ ਸਿੰਘ, ਰੂੜ ਸਿੰਘ ਢਿੱਲੋਂ, ਮਲਕੀਤ ਮੰਦਰਾਂ, ਸੁਖਜਿੰਦਰ ਸਿੰਘ, ਗੁਰਨਾਮ ਸਿੰਘ ਰੋਪੜ, ਗੁਰਪ੍ਰੀਤ ਸਿੰਘ ਨੱਢਾ, ਰੂਪ ਸਿੰਘ ਮਾਨਸਾ, ਤਰਲੋਕ ਸਿੰਘ ਕਪੂਰਥਲਾ, ਨਿਰਮਲ ਸਿੰਘ ਬਠਿੰਡਾ ਆਦਿ ਨੇ ਵੀ ਵਿਚਾਰ ਰੱਖੇ।