ਜੁੱਤਾ ਖ਼ਰੀਦਣ ਆਏ ਨੌਜਵਾਨ ਨੂੰ ਬਣਾ ਦਿੱਤਾ ਗੈਂਗਸਟਰ
ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਵੱਲੋਂ ਆਪਣੀ ਦੁਕਾਨ ’ਤੇ ਹਮਲਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਦਰਜ ਕਰਵਾਏ ਗਏ ਕੇਸ ਦੇ ਮਾਮਲੇ ਵਿੱਚ ਅੱਜ ਨਵਾਂ ਮੋੜ ਆ ਗਿਆ ਹੈ। ਸੀਸੀਟੀਵੀ ਵਿੱਚ ਆਏ ਜਿਹੜੇ ਨੌਜਵਾਨ ਨੂੰ ਜਲੰਧਰ ਦੇ ਗੈਂਗਸਟਰ ਲੱਖੂ ਬਾਬਾ ਦੇ ਨਾਲ-ਨਾਲ ਗੈਂਗਸਟਰ ਰਿਸ਼ਭ ਬੈਨੀਪਾਲ ਦਾ ਸਾਥੀ ਦੱਸਿਆ ਜਾ ਰਿਹਾ ਹੈ, ਉਹ ਅੱਜ ਸੋਸ਼ਲ ਮੀਡੀਆ ’ਤੇ ਸਾਹਮਣੇ ਆ ਗਿਆ ਹੈ। ਉਸ ਨੇ ਦੋਸ਼ ਲਗਾਏ ਹਨ ਕਿ ਉਹ 500 ਰੁਪਏ ਦਿਹਾੜੀ ਕਰਨ ਵਾਲਾ ਨੌਜਵਾਨ ਹੈ, ਉਹ ਜੁੱਤੇ ਲੈਣ ਦੇ ਲਈ ਉੱਥੇ ਗਿਆ ਸੀ। ਹੁਣ ਉਸ ਦੀ ਸੀਸੀਟੀਵੀ ਫੁਟੇਜ ਗੈਂਗਸਟਰ ਬਣਾ ਕੇ ਵਾਇਰਲ ਕੀਤੀ ਜਾ ਰਹੀ ਹੈ। ਉਧਰ, ਪੁਲੀਸ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ ਅਤੇ ਇਸ ਮਾਮਲੇ ਵਿੱਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
ਕਾਰੋਬਾਰੀ ਪ੍ਰਿੰਕਲ ਨੇ ਤਿੰਨ ਦਿਨ ਪਹਿਲਾਂ ਪੁਲੀਸ ਸਟੇਸ਼ਨ ਡਿਵੀਜ਼ਨ-7 ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਨੌਜਵਾਨ ਸੈਕਟਰ-32 ਵਿੱਚ ਦੇਰ ਰਾਤ ਉਸ ਦੇ ਜੁੱਤੀਆਂ ਦੇ ਸ਼ੋਅਰੂਮ ਵਿੱਚ ਆਇਆ ਸੀ। ਉਹ ਗੈਂਗਸਟਰ ਰਿਸ਼ਵ ਕਨੌਜੀਆ ਤੇ ਲੱਖੂ ਬਾਬਾ ਦਾ ਸਾਥੀ ਸੀ, ਜੋ ਕਿ ਉਸ ਦੇ ਕਤਲ ਦੀ ਸਾਜ਼ਿਸ਼ ਰਚਣ ਆਇਆ ਸੀ। ਗੈਂਗਸਟਰ ਰਿਸ਼ਭ ਬੈਨੀਪਾਲ ਅਤੇ ਹੋਰਾਂ ਨੇ ਉਸ ਨੂੰ ਵੀਹ ਲੱਖ ਰੁਪਏ ਵਿੱਚ ਮਾਰਨ ਦੀ ਸੁਪਾਰੀ ਦਿੱਤੀ ਸੀ। ਪ੍ਰਿੰਕਲ ਨੇ ਸੀਸੀਟੀਵੀ ਫੁਟੇਜ ਵੀ ਜਾਰੀ ਕਰ ਕੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ ਵੀਡੀਓ ਵਿਚ ਦਿਖਾਈ ਦੇ ਰਹੇ ਨੌਜਵਾਨ ਨੂੰ ਗੈਂਗਸਟਰ ਲੱਖੂ ਬਾਬਾ ਦਾ ਸਾਥੀ ਮੰਨ ਲਿਆ ਅਤੇ ਕੇਸ ਦਰਜ ਕਰ ਲਿਆ। ਹੁਣ ਸੀਸੀਟੀਵੀ ਕੈਮਰੇ ਵਿੱਚ ਕੈਦ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਉਹ ਆਪਣੀ ਪਛਾਣ ਭੱਟੀਆਂ ਕਲੋਨੀ ਦੇ ਰਹਿਣ ਵਾਲੇ ਸਚਿਨ ਵਜੋਂ ਦੱਸ ਰਿਹਾ ਹੈ, ਉਹ ਕਹਿ ਰਿਹਾ ਹੈ ਕਿ ਉਹ ਇੱਕ ਦੁਕਾਨ ’ਤੇ ਪੰਜ ਸੌ ਰੁਪਏ ਪ੍ਰਤੀ ਦਿਨ ’ਤੇ ਕੰਮ ਕਰਦਾ ਹੈ। ਪੁਲੀਸ ਨੇ ਉਸ ਨੂੰ ਗੈਂਗਸਟਰ ਬਣਾ ਦਿੱਤਾ। ਸਚਿਨ ਨੇ ਵੀਡੀਓ ਵਿੱਚ ਕਿਹਾ ਕਿ ਉਹ ਦੁਕਾਨ ’ਤੇ ਜੁੱਤੇ ਖ਼ਰੀਦਣ ਗਿਆ ਸੀ। ਉਸ ਨੂੰ ਜੁੱਤੇ ਪਸੰਦ ਨਹੀਂ ਆਏ ਅਤੇ ਘਰ ਵਾਪਸ ਆ ਗਿਆ। ਉਸ ਦਾ ਕਿਸੇ ਵੀ ਗੈਂਗਸਟਰ ਨਾਲ ਕੋਈ ਸਬੰਧ ਨਹੀਂ ਹੈ। ਸਚਿਨ ਨੇ ਵੀਡੀਓ ਵਿੱਚ ਕਿਹਾ ਕਿ ਉਸ ਨੂੰ ਪ੍ਰਿੰਕਲ ਦੇ ਸ਼ੋਅਰੂਮ ਵਿੱਚ ਜੁੱਤੇ ਮਹਿੰਗੇ ਲੱਗੇ ਅਤੇ ਉਹ ਉੱਥੋਂ ਚਲਾ ਗਿਆ ਪਰ ਬਾਅਦ ਵਿੱਚ ਉਸ ਦੀ ਸੀਸੀਟੀਵੀ ਫੁਟੇਜ ਵਾਇਰਲ ਕਰ ਦਿੱਤੀ ਗਈ, ਉਸ ਨੂੰ ਗੈਂਗਸਟਰ ਕਿਹਾ ਜਾ ਰਿਹਾ ਹੈ ਵੀਡੀਓ ਦੇਖਣ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਪ੍ਰੇਸ਼ਾਨ ਹਨ।
ਉਧਰ, ਥਾਣਾ ਡਿਵੀਜ਼ਨ ਸੱਤ ਦੇ ਇੰਚਾਰਜ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵੀਡੀਓ ਬਾਰੇ ਪਤਾ ਲੱਗ ਗਿਆ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਵੀਡੀਓ ਵਿੱਚ ਮੌਜੂਦ ਵਿਅਕਤੀ ਸਚਿਨ ਹੈ ਜਾਂ ਲੱਖਾ ਬਾਬਾ। ਪੁਲੀਸ ਨੇ ਅਧਿਕਾਰੀਆਂ ਨਾਲ ਗੱਲ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਹੁਣੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।