ਹੜ੍ਹ ਪੀੜ੍ਹਤਾਂ ਲਈ ਦਵਾਈਆਂ ਦੀ ਗੱਡੀ ਭੇਜੀ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਹੜ੍ਹ ਪੀੜਤ ਇਲਾਕਿਆਂ ਵਿਚ ਲੋਕਾਂ ਦਾ ਮਾੜਾ ਹਾਲ ਹੈ। ਲੋਕਾਂ ਦਾ ਸਾਥ ਦੇਣ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਤੋਂ ਵੱਖ-ਵੱਖ ਸਾਮਾਨ ਲੈ ਕੇ ਪੁੱਜ ਰਹੇ ਹਨ। ਇਸੇ ਤਹਿਤ ਖੰਨਾ ਤੋਂ ਸਮਾਜ ਸੇਵੀ ਡਾ. ਗੁਰਮੁੱਖ ਸਿੰਘ ਚਾਹਲ ਵੱਲੋਂ ਆਪਣੇ ਸਾਥੀਆਂ ਨਾਲ ਹੜ੍ਹ ਪੀੜਤਾਂ ਲਈ ਦਵਾਈਆਂ ਦੀ ਗੱਡੀ ਭੇਜੀ ਗਈ। ਉਨ੍ਹਾਂ ਕਿਹਾ ਕਿ ਹੜ੍ਹ ਦੇ ਪਾਣੀ ਕਾਰਨ ਉੱਥੇ ਰਹਿੰਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਚਮੜੀ ਦੀ ਇਨਫੈਕਸ਼ਨ ਤੋਂ ਜੁਝਣਾ ਪੈ ਰਿਹਾ ਹੈ ਜਿਸ ਕਾਰਨ ਪਹਿਲ ਦੇ ਅਧਾਰ ਤੇ ਦਵਾਈਆਂ ਦੀ ਸੇਵਾ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਇਹ ਮਦਦ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਗਾਇਕ ਹੁਸ਼ਿਆਰ ਮਾਹੀ, ਕੁਲਜੀਤ ਸਿੰਘ, ਕੁਲਵੰਤ ਸਿੰਘ, ਗੁਰਿੰਦਰ ਸਿੰਘ ਧਾਲੀਵਾਲ ਹਾਜ਼ਰ ਸਨ।
ਇਸੇ ਤਰ੍ਹਾਂ ਪੰਜਾਬ ਸਟੇਟ ਕੋਰ ਕਮੇਟੀ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਨਾਲ ਮੁਲਾਕਾਤ ਕਰਦਿਆਂ ਪੰਜਾਬ ਦੇ ਹੜ੍ਹਾਂ ਕਾਰਨ ਬਣੇ ਹਾਲਾਤਾਂ ਦੇ ਮੱਦੇਨਜ਼ਰ 2 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਐਸੋਸ਼ੀਏਸ਼ਨ ਦੇ ਮੈਬਰਾਂ ਨੇ ਕਿਹਾ ਕਿ ਉਹ ਹੜ੍ਹ ਪੀੜਤਾਂ ਦੀ ਆਪਣੇ ਤੌਰ ’ਤੇ ਵੀ ਬਣਦੀ ਸੇਵਾ ਕਰ ਰਹੇ ਹਨ। ਅੰਤ ਵਿੱਚ ਸਿਹਤ ਮੰਤਰੀ ਨੇ ਐਸੋਸ਼ੀਏਸ਼ਨ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਪੰਜਾਬ ਵਾਸੀਆਂ ਨੂੰ ਪੀੜਤਾਂ ਦੀ ਮਦਦ ਲਈ ਵੱਧ ਚੜ੍ਹ ਕੇ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਜਗਦੀਪ ਭਾਰਦਵਾਜ, ਰਾਜਨ ਬੈਕਟਰ, ਸੁਰਜੀਤ ਸਿੰਘ ਤੇ ਹੋਰ ਹਾਜ਼ਰ ਸਨ।